ਚੇਨੱਈ, 8 ਸਤੰਬਰ
ਆਪਣੇ ਕੈਬਨਿਟ ਸਾਥੀ ਉਦੈਨਿਧੀ ਸਟਾਲਿਨ ਵੱਲੋਂ ਦਿੱਤੇ ਗਏ ਸਨਾਤਨ ਧਰਮ ਵਿਰੋਧੀ ਬਿਆਨਾਂ ਦਾ ਬਚਾਅ ਕਰਦਿਆਂ ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ ਕੇ ਸਟਾਲਿਨ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਨੇ ਸਨਾਤਨ ਧਰਮ ’ਚ ਪ੍ਰਚਾਰੇ ਗਏ ਕੁਝ ਅਣਮਨੁੱਖੀ ਸਿਧਾਂਤਾਂ ਬਾਰੇ ਕੁਝ ਟਿੱਪਣੀਆਂ ਕੀਤੀਆਂ ਹਨ। ਉਨ੍ਹਾਂ ਭਾਜਪਾ ’ਤੇ ਦੋਸ਼ ਲਾਇਆ ਕਿ ਉਹ ‘ਇੰਡੀਆ’ ਗੱਠਜੋੜ ’ਚ ਵੰਡੀਆਂ ਪੈਦਾ ਕਰਨ ਦੀਆ ਕੋਸ਼ਿਸ਼ਾਂ ਕਰ ਰਹੀ ਹੈ। ਸਟਾਲਿਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤਾਮਿਲ ਨਾਡੂ ਦੇ ਮੰਤਰੀ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਤਾਕਤਾਂ ਨਾਲ ਰਲਣ ’ਤੇ ਵੀ ਹੈਰਾਨੀ ਜਤਾਈ। ਉਨ੍ਹਾਂ ਕਿਹਾ,‘‘ਰਾਸ਼ਟਰੀ ਮੀਡੀਆ ਦੀਆਂ ਸੁਰਖੀਆਂ ਸੁਣ ਕੇ ਨਿਰਾਸ਼ਾ ਹੋਈ ਹੈ ਕਿ ਪ੍ਰਧਾਨ ਮੰਤਰੀ ਨੇ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਆਖਿਆ ਕਿ ਉਦੈਨਿਧੀ ਦੇ ਬਿਆਨ ਦਾ ਢੁੱਕਵਾਂ ਜਵਾਬ ਦਿੱਤਾ ਜਾਵੇ। ਪ੍ਰਧਾਨ ਮੰਤਰੀ ਕੋਲ ਕਿਸੇ ਵੀ ਦਾਅਵੇ ਜਾਂ ਰਿਪੋਰਟ ਦੀ ਪੜਤਾਲ ਲਈ ਸਾਰੇ ਸਰੋਤ ਹਨ। ਕੀ ਉਹ ਉਦੈਨਿਧੀ ਬਾਰੇ ਫੈਲਾਏ ਜਾ ਰਹੇ ਝੂਠ ਤੋਂ ਜਾਣੂ ਨਹੀਂ ਹਨ ਜਾਂ ਸਾਰਾ ਕੁਝ ਜਾਣਦੇ ਹੋਏ ਵੀ ਉਹ ਇੰਜ ਕਰ ਰਹੇ ਹਨ?’’ ਸਟਾਲਿਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਆਪਣੇ ਵਾਅਦੇ ਪੂਰੇ ਕਰਨ ’ਚ ਨਾਕਾਮ ਰਹੇ ਹਨ ਅਤੇ ਉਹ ਸਨਾਤਨ ਮੁੱਦੇ ਨੂੰ ਭੜਕਾ ਕੇ ਉਨ੍ਹਾਂ ਤੋਂ ਧਿਆਨ ਵੰਡਾਉਣ ਦੀ ਕੋਸ਼ਿਸ਼ ਕਰ ਰਹੇ ਹਨ। ‘ਨਾ ਤਾਂ ਪ੍ਰਧਾਨ ਮੰਤਰੀ ਅਤੇ ਨਾ ਹੀ ਉਨ੍ਹਾਂ ਦੇ ਮੰਤਰੀਆਂ ਨੇ ਮਨੀਪੁਰ ਵਰਗੇ ਮੁੱਦਿਆਂ ਜਾਂ ਕੈਗ ਰਿਪੋਰਟ ’ਚ ਸਾਢੇ 7 ਲੱਖ ਕਰੋੜ ਰੁਪਏ ਮੁੱਲ ਦੀਆਂ ਬੇਨਿਯਮੀਆਂ ਦਾ ਕੋਈ ਜਵਾਬ ਦਿੱਤਾ ਹੈ। ਪਰ ਉਨ੍ਹਾਂ ਸਨਾਤਨ ਬਾਰੇ ਕੈਬਨਿਟ ਦੀ ਮੀਟਿੰਗ ਸੱਦੀ। ਕੀ ਇਹ ਆਗੂ ਪੱਛੜੀਆਂ ਜਾਤਾਂ, ਅਨੁਸੂਚਿਤ ਜਾਤਾਂ, ਆਦਿਵਾਸੀਆਂ ਅਤੇ ਔਰਤਾਂ ਦੀ ਰਾਖੀ ਕਰ ਸਕਦੇ ਹਨ।’ ਉਨ੍ਹਾਂ ਕਿਹਾ ਕਿ ਭਾਜਪਾ ਪੱਖੀ ਤਾਕਤਾਂ ਨੇ ਉਦੈਨਿਧੀ ਦੇ ਸਟੈਂਡ ਖ਼ਿਲਾਫ਼ ਝੂਠਾ ਬਿਰਤਾਂਤ ਫੈਲਾਇਆ ਹੈ ਕਿ ਉਸ ਨੇ ਸਨਾਤਨ ਵਿਚਾਰਾਂ ਵਾਲੇ ਲੋਕਾਂ ਦੇ ਕਤਲੇਆਮ ਦੀ ਗੱਲ ਆਖੀ ਹੈ। ‘ਉਦੈਨਿਧੀ ਨੇ ਉਨ੍ਹਾਂ ਸਨਾਤਨ ਸਿਧਾਂਤਾਂ ਬਾਰੇ ਵਿਚਾਰ ਪੇਸ਼ ਕੀਤੇ ਸਨ ਜੋ ਅਨੁਸੂਚਿਤ ਜਾਤਾਂ, ਆਦਿਵਾਸੀਆਂ ਅਤੇ ਔਰਤਾਂ ਖ਼ਿਲਾਫ਼ ਵਿਤਕਰਾ ਕਰਦੇ ਹਨ ਅਤੇ ਉਸ ਦਾ ਕਿਸੇ ਧਰਮ ਜਾਂ ਧਾਰਮਿਕ ਵਿਸ਼ਵਾਸ ਨੂੰ ਠੇਸ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ ਸੀ। ਭਾਜਪਾ ਵੱਲੋਂ ਪਾਲੇ-ਪੋਸੇ ਗਏ ਸੋਸ਼ਲ ਮੀਡੀਆ ਹਜੂਮ ਨੇ ਉੱਤਰੀ ਸੂਬਿਆਂ ’ਚ ਝੂਠ ਫੈਲਾਇਆ ਹੈ। ਮੰਤਰੀ ਉਦੈਨਿਧੀ ਨੇ ਕਦੇ ਵੀ ਕਤਲੇਆਮ ਸ਼ਬਦ ਦੀ ਵਰਤੋਂ ਤਾਮਿਲ ਜਾਂ ਅੰਗਰੇਜ਼ੀ ’ਚ ਨਹੀਂ ਕੀਤੀ। ਫਿਰ ਵੀ ਅਜਿਹਾ ਝੂਠ ਫੈਲਾਇਆ ਜਾ ਰਿਹਾ ਹੈ।’ ਹੁਕਮਰਾਨ ਧਿਰ ਡੀਐੱਮਕੇ ਦੇ ਪ੍ਰਧਾਨ ਨੇ ਕਿਹਾ ਕਿ ਕੇਂਦਰੀ ਮੰਤਰੀਆਂ ਅਮਿਤ ਸ਼ਾਹ ਅਤੇ ਰਾਜਨਾਥ ਸਿੰਘ ਤੇ ਹੋਰਾਂ ਨੇ ਝੂਠੇ ਬਿਰਤਾਂਤ ਨੂੰ ਸਾਂਝਾ ਕਰਦਿਆਂ ਉਦੈਨਿਧੀ ਦੀ ਨਿਖੇਧੀ ਕੀਤੀ ਹੈ ਜਦਕਿ ਉਦੈਨਿਧੀ ਨੇ ਆਪਣੇ ਬਿਆਨ ਬਾਰੇ ਸਪੱਸ਼ਟੀਕਰਨ ਦਿੱਤਾ ਹੈ ਪਰ ਕੇਂਦਰੀ ਮੰਤਰੀ ਆਪਣੇ ਬਿਆਨਾਂ ਤੋਂ ਪਿੱਛੇ ਨਹੀਂ ਹਟੇ ਹਨ