ਰਿਸ਼ੀਕੇਸ਼, 7 ਅਕਤੂਬਰ

ਉਤਰਾਖੰਡ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਲੋਕਾਂ ਨੂੰ ਭਾਜਪਾ ਦੀ ਹਮਾਇਤ ਕਰਨ ਦੀ ਅਪੀਲ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੂਬੇ ਵਿੱਚ ‘ਨਵੀਂ ਟੀਮ’ ਨੂੰ ਹਰ ਤਰ੍ਹਾਂ ਦੀ ਸਹਾਇਤਾ ਦੇ ਰਹੀ ਹੈ ਅਤੇ ਦੋਹਰਾ ਵਿਕਾਸ ਪਹਾੜੀ ਖੇਤਰ ਨੂੰ ਨਵੀਂ ਉਚਾਈ ’ਤੇ ਲੈ ਜਾਵੇਗਾ। ਮੋਦੀ ਨੇ ਰਿਸ਼ੀਕੇਸ਼ ਦੇ ਏਮਜ਼ ਵਿੱਚ ਕਰਵਾਏ ਗਏ ਸਮਾਗਮ ਵਿੱਚ 35 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਪੀਐੱਮ ਕੇਅਰਜ਼ ਫੰਡ ਤਹਿਤ ਸਥਾਪਤ 35 ਆਕਸੀਜਨ ਪਲਾਂਟਾਂ ਦਾ ਉਦਘਾਟਨ ਕੀਤਾ।

ਉਪਰੰੰਤ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਛੇ-ਸੱਤ ਪਹਿਲਾਂ ਸਿਰਫ਼ ਕੁਝ ਕੁ ਸੂਬਿਆਂ ਵਿੱਚ ਏਮਜ਼ ਸਨ ਪਰ ਹੁਣ ਭਾਰਤ ਦੇ ਹਰ ਸੂਬੇ ’ਚ ਪ੍ਰ੍ਰਮੁੱਖ ਮੈਡੀਕਲ ਕਾਲਜ ਅਤੇ ਹਸਪਤਾਲ ਬਣਾਉਣ ਦਾ ਕੰਮ ਜਾਰੀ ਹੈ। ਉਨ੍ਹਾਂ ਕਿਹਾ,‘ਦੇਸ਼ ਦੇ ਹਰ ਜ਼ਿਲ੍ਹੇ ਵਿੱਚ ਘੱਟੋ-ਘੱਟ ਇੱਕ ਮੈਡੀਕਲ ਕਾਲਜ ਸਥਾਪਤ ਕਰਨ ਦਾ ਸਰਕਾਰ ਦਾ ਟੀਚਾ ਹੈ। ਮੋਦੀ ਨੇ ਉਤਰਾਖੰਡ ਦੇ ਲੋਕਾਂ ਨੂੰ ਕਿਹਾ ਕਿ ਇਹੀ ਸੋਚਣ ਦਾ ਸਹੀ ਵਖ਼ਤ ਹੈ ਕਿ ਸੂਬੇ ਨੂੰ ਭਵਿੱਖ ਵਿੱਚ ਕਿਸ ਉਚਾਈ ’ਤੇ ਲੈ ਕੇ ਜਾਣਾ ਹੈ। ਇਸ ਦਿਸ਼ਾ ਵਿੱਚ ਸਾਨੂੰ ਸਭ ਨੂੰ ਰਲ ਕੇ ਕੰਮ ਕਰਨਾ ਪਵੇਗਾ।’