ਉਤਰਾਖੰਡ ਦੇ ਟਿਹਰੀ ਗੜ੍ਹਵਾਲ ਜ਼ਿਲ੍ਹੇ ਵਿੱਚ ਵੀਰਵਾਰ ਦੁਪਹਿਰ ਨੂੰ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਚੰਬਾ-ਕੋਟੀ ਸੜਕ ‘ਤੇ ਇੱਕ ਗੱਡੀ 300 ਮੀਟਰ ਡੂੰਘੀ ਖੱਡ ਵਿੱਚ ਡਿੱਗ ਗਈ। ਇਸ ਹਾਦਸੇ ਵਿਚ ਅੱਠ ਯਾਤਰੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਕਈ ਹੋਰ ਜ਼ਖਮੀ ਹੋ ਗਏ। ਸੂਚਨਾ ਮਿਲਦੇ ਹੀ ਪੁਲਿਸ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ‘ਤੇ ਪਹੁੰਚੀਆਂ। SDRF ਨੂੰ ਤੁਰੰਤ ਬੁਲਾਇਆ ਗਿਆ। SDRF ਟੀਮ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ। ਖੱਡ ਦੀ ਡੂੰਘਾਈ ਕਾਰਨ SDRF ਨੂੰ ਮੌਕੇ ‘ਤੇ ਪਹੁੰਚਣ ਵਿੱਚ ਸਮਾਂ ਲੱਗ ਰਿਹਾ ਹੈ।

ਦੱਸ ਦੇਈਏ ਕਿ ਇਹ ਦਰਦਨਾਕ ਹਾਦਸਾ ਚੰਬਾ ਖੇਤਰ ਵਿੱਚ ਨਾਲ-ਕੋਟੀ ਕਾਲੋਨੀ ਸੜਕ ‘ਤੇ ਵਾਪਰਿਆ। ਰਿਪੋਰਟਾਂ ਮੁਤਾਬਕ ਬੋਲੇਰੋ ਕੈਂਪਰ ਰਿਸ਼ੀਕੇਸ਼ ਤੋਂ ਘਨਸਾਲੀ ਵੱਲ ਜਾ ਰਿਹਾ ਸੀ। ਚੰਬਾ-ਕੋਟੀ ਸੜਕ ‘ਤੇ ਨਾਲ ਦੇ ਨੇੜੇ, ਕੈਂਪਰ ਅਚਾਨਕ ਕੰਟਰੋਲ ਗੁਆ ਬੈਠਾ ਅਤੇ ਖੱਡ ਵਿੱਚ ਡਿੱਗ ਗਿਆ। ਦੱਸਿਆ ਜਾ ਰਿਹਾ ਹੈ ਕਿ ਕੈਂਪਰ ਵਿੱਚ ਨੌਂ ਤੋਂ ਦਸ ਲੋਕ ਸਵਾਰ ਸਨ, ਜਿਨ੍ਹਾਂ ਵਿੱਚੋਂ ਅੱਠ ਦੀ ਮੌਤ ਹੋ ਗਈ, ਜਦੋਂਕਿ ਦੋ ਨੂੰ ਸੁਰੱਖਿਅਤ ਬਚਾ ਲਿਆ ਗਿਆ।

ਜ਼ਖਮੀਆਂ ਦਾ ਜ਼ਿਲ੍ਹਾ ਹਸਪਤਾਲ ਬੌਰਾੜੀ ਵਿੱਚ ਇਲਾਜ ਕੀਤਾ ਜਾ ਰਿਹਾ ਹੈ। ਟਿਹਰੀ ਜ਼ਿਲ੍ਹਾ ਆਫ਼ਤ ਪ੍ਰਬੰਧਨ ਅਧਿਕਾਰੀ ਬ੍ਰਿਜੇਸ਼ ਭੱਟ ਨੇ ਹਾਦਸੇ ਵਿੱਚ ਅੱਠ ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਟਿਹਰੀ ਜ਼ਿਲ੍ਹਾ ਮੈਜਿਸਟ੍ਰੇਟ, ਨੀਤੀਕਾ ਖੰਡੇਲਵਾਲ ਨੇ ਦੱਸਿਆ ਕਿ ਇੱਕ ਗੱਡੀ ਖੱਡ ਵਿੱਚ ਡਿੱਗ ਗਈ। ਹੁਣ ਤੱਕ ਅੱਠ ਯਾਤਰੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ। ਪੁਲਿਸ, ਪ੍ਰਸ਼ਾਸਨ ਅਤੇ ਐਸਡੀਆਰਐਫ ਦੀਆਂ ਟੀਮਾਂ ਮੌਕੇ ‘ਤੇ ਬਚਾਅ ਕਾਰਜ ਚਲਾ ਰਹੀਆਂ ਹਨ।

ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਵੀ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ। ਉਨ੍ਹਾਂ ‘ਐਕਸ’ ‘ਤੇ ਲਿਖਿਆ, “ਮੈਨੂੰ ਟਿਹਰੀ ਗੜ੍ਹਵਾਲ ਜ਼ਿਲ੍ਹੇ ਦੇ ਚੰਬਾ ਖੇਤਰ ਵਿੱਚ ਨੈਲ-ਕੋਟੀ ਕਾਲੋਨੀ ਸੜਕ ‘ਤੇ ਇੱਕ ਵਾਹਨ ਦੇ ਹਾਦਸਾਗ੍ਰਸਤ ਹੋਣ ਦੀ ਬਹੁਤ ਹੀ ਦੁੱਖਦਾਈ ਖਬਰ ਮਿਲੀ। ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਹਾਦਸੇ ਵਿੱਚ ਮਰਨ ਵਾਲਿਆਂ ਦੀਆਂ ਆਤਮਾਵਾਂ ਨੂੰ ਆਪਣੇ ਚਰਨਾਂ ਵਿਚ ਸਥਾਨ ਦੇਣ ਤੇ ਦੁਖੀ ਪਰਿਵਾਰਾਂ ਨੂੰ ਇਸ ਭਾਰੀ ਨੁਕਸਾਨ ਨੂੰ ਸਹਿਣ ਦੀ ਤਾਕਤ ਦੇਣ। ਮੈਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਜ਼ਖਮੀਆਂ ਦਾ ਸਹੀ ਇਲਾਜ ਕਰਨ ਦੇ ਨਿਰਦੇਸ਼ ਦਿੱਤੇ ਹਨ। ਮੈਂ ਜ਼ਖਮੀਆਂ ਦੀ ਜਲਦੀ ਸਿਹਤਯਾਬੀ ਲਈ ਬਾਬਾ ਕੇਦਾਰ ਅੱਗੇ ਅਰਦਾਸ ਕਰਦਾ ਹਾਂ।”