ਸਿੱਖ ਧਰਮ ਦੇ ਬਾਨੀ ਅਤੇ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 555ਵਾਂ ਪ੍ਰਕਾਸ਼ ਪੁਰਬ ਡਿਕਸੀ ਗੁਰੂ ਘਰ ਵਿਖੇ ਪੂਰਨ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਉਂਦਿਆਂ ਹੋਇਆਂ ਸਾਰਾ ਦਿਨ ਗੁਰਮਤਿ ਦੀਵਾਨ ਸਜਾਏ ਗਏ। ਸਵੇਰ ਦੇ ਸਮੇਂ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਤੋਂ ਉਪਰੰਤ ਸਜੇ ਹੋਏ ਦੀਵਾਨਾਂ ਵਿੱਚ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਹਰਪਾਲ ਸਿੰਘ ਨੇ ਇਕੱਤਰ ਹੋਈਆਂ ਸੰਗਤਾਂ ਨੂੰ ਜੀ ਆਇਆਂ ਆਖਿਆ ਅਤੇ ਗੁਰੂ ਸਾਹਿਬ ਦੁਆਰਾ ਦਿੱਤੇ ਗਏ ਨਾਮ ਜਪਣ, ਕਿਰਤ ਕਰਨ ਅਤੇ ਵੰਡ ਛਕਣ ਦੇ ਉਪਦੇਸ਼ ਉੱਤੇ ਚੱਲਦਿਆਂ ਜੀਵਨ ਸਫ਼ਲਾ ਕਰਨ ਦਾ ਸੱਦਾ ਦਿੱਤਾ। ਉਨਾ ਪ੍ਰਕਾਸ਼ ਪੁਰਬ ਮੌਕੇ ਓਟਾਰੀਓ ਖ਼ਾਲਸਾ ਸਕੂਲ ਦੇ ਵਿਦਿਆਰਥੀਆਂ ਦੁਆਰਾ ਆਨੰਦਮਈ ਕੀਰਤਨ ਸਰਵਣ ਕਰਵਾਉਣ ਲਈ ਸ਼ਾਬਾਸ਼ ਦਿੱਤੀ ਅਤੇ ਉਨਾ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਨਾਲ ਹੀ ਉਨ੍ਹਾ ਕਿਹਾ ਕਿ ਗੁਰੂ ਨਾਨਕ ਸਾਹਿਬ ਦੁਆਰਾ ਬਾਬਰ ਨੂੰ ਜਾਬਰ ਕਹਿਣ ਦੀ ਪ੍ਰੇਰਨਾ ਅਤੇ ਹਿੰਮਤ ਉੱਤੇ ਚੱਲਦਿਆਂ ਅੱਜ ਦੀਆਂ ਸਰਕਾਰਾਂ ਦੇ ਜ਼ਬਰ ਅਤੇ ਕਿਸੇ ਖਾਸ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਦੀਆਂ ਕੋਝੀਆਂ ਚਾਲਾਂ ਖ਼ਿਲਾਫ਼ ਸਾਨੂੰ ਲਾਮਬੰਦ ਹੋਣ ਦੀ ਸਖ਼ਤ ਲੋੜ ਹੈ। ਉਨਾ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਸਹਿਯੋਗ ਦੇਣ ਅਤੇ ਵਿਸ਼ਵਾਸ ਪ੍ਰਗਟ ਕਰਨ ਲਈ ਵੱਡੀ ਗਿਣਤੀ ਵਿੱਚ ਇਕੱਤਰ ਹੋਈਆਂ ਸੰਗਤਾਂ, ਗੁਰਦੁਆਰਾ ਸਾਹਿਬ ਵਿਖੇ ਸੇਵਾਵਾਂ ਨਿਭਾ ਰਹੇ ਸਮੂਹ ਗ੍ਰੰਥੀ ਸਿੰਘਾਂ ਅਤੇ ਜਥਿਆਂ ਅਤੇ ਸੇਵਾਦਾਰਾਂ ਦਾ ਧੰਨਵਾਦ ਵੀ ਕੀਤਾ। ਉਨਾ ਇਹ ਵੀ ਕਿਹਾ ਕਿ ਗੁਰਦਵਾਰਾ ਸਾਹਿਬ ਦੇ ਦਫਤਰੀ ਸਟਾਫ ਦੀਆਂ ਸੇਵਾਵਾਂ ਵੀ ਸ਼ਲਾਘਾਯੋਗ ਹਨ। ਇਸ ਮੌਕੇ ਕੈਨੇਡਾ ਵਿੱਚ ਪੜ੍ਹਾਈ ਯਾਫਤਾ ਅੰਤਰਾਸ਼ਟਰੀ ਵਿਦਿਆਰਥੀਆਂ ਨੂੰ ਉਨਾ ਅਪੀਲ ਕੀਤੀ ਕਿ ਕਿਸੇ ਸ਼ਰਾਰਤੀ ਅਨਸਰ ਦੇ ਮਗਰ ਲੱਗ ਕੇ ਕੋਈ ਇਹੋ ਜਿਹਾ ਰਾਹ ਨਾ ਅਪਣਾਇਆ ਜਾਵੇ ਜੋ ਪੰਜਾਬੀ ਭਾਈਚਾਰੇ ਦੀ ਵਿਦੇਸ਼ਾਂ ਵਿਚਲੀ ਸ਼ਾਨ ਨੂੰ ਢਾਅ ਲਾਵੇ। ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਪਰਮਜੀਤ ਸਿੰਘ ਗਿੱਲ ਵਲੋਂ ਸਟੇਜ ਸੇਵਾ ਨਿਭਾਉਂਦਿਆਂ ਆਈਆਂ ਹੋਈਆਂ ਹੋਈ ਸੰਗਤਾਂ ਨੂੰ ਮੁਬਾਰਕਬਾਦ ਪੇਸ਼ ਕੀਤੀ। ਨਾਲ ਹੀ ਉਨ੍ਹਾ ਲੰਮੇ ਸਮੇ ਤੋਂ ਭਾਰਤ ਦੀਆਂ ਜੇਲ੍ਹਾਂ ਵਿੱਚ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਵੀ ਕੀਤੀ। ਸੇਵਾਦਾਰਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ ਗੁਰੂ ਨਾਨਕ ਸਾਹਿਬ ਦੁਆਰਾ ਦਰਸਾਏ ਸੇਵਾ ਤੇ ਸਿਮਰਨ ਦੇ ਮਾਰਗ ਤੇ ਚੱਲਣ ਵਾਲੇ ਵੱਖ ਵੱਖ ਸੇਵਾਵਾਂ ਨਿਭਾ ਰਹੇ ਵਲੰਟੀਅਰਜ਼ ਅਤੇ ਸੇਵਾਦਾਰਾਂ ਦਾ ਸਹਿਯੋਗ ਗੁਰਦਵਾਰਾ ਸਾਹਿਬ ਦੇ ਪ੍ਰਬੰਧਾਂ ਵਿਚ ਬਹੁਤ ਵੱਡਾ ਸਥਾਨ ਰੱਖਦਾ ਹੈ ਅਤੇ ਇਨ੍ਹਾਂ ਸੇਵਾਵਾਂ ਤੋਂ ਬਿਨਾ ਇਹ ਕਾਰਜ ਸੰਪੰਨ ਨਹੀਂ ਹੋ ਸਕਦੇ। ਇਸ ਮੌਕੇ ਸਜੇ ਹੋਏ ਦੀਵਾਨਾਂ ਵਿੱਚ ਵੱਖ ਵੱਖ ਕੀਰਤਨੀ ਜਥਿਆਂ, ਢਾਡੀ ਜਥਾ ਭਾਈ ਅਮਨਦੀਪ ਸਿੰਘ ਭੁੱਲਾਰਾਈ, ਕਥਾਵਾਚਕ ਭਾਈ ਗੁਰਬਚਨ ਸਿੰਘ ਅਤੇ ਕਵੀਸ਼ਰੀ ਜਥਾ ਭਾਈ ਸੁੱਚਾ ਸਿੰਘ ਅਤੇ ਸਾਥੀਆਂ ਨੇ ਹਾਜ਼ਰੀ ਭਰੀ। ਗੁਰੂ ਘਰ ਦੇ ਹੈੱਡ ਗ੍ਰੰਥੀ ਭਾਈ ਭੁਪਿੰਦਰ ਸਿੰਘ ਵਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਅਤੇ ਸੰਗਤਾਂ ਨੂੰ ਅੰਮ੍ਰਿਤ ਛਕ ਕੇ ਸਿੰਘ ਸਜਣ ਲਈ ਪ੍ਰੇਰਤ ਕੀਤਾ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਬਲਜੀਤ ਸਿੰਘ ਪੰਡੋਰੀ, ਵਾਇਸ ਪ੍ਰਧਾਨ ਗੁਰਿੰਦਰ ਸਿੰਘ ਭੁੱਲਰ, ਖਜ਼ਾਨਚੀ ਭੁਪਿੰਦਰ ਸਿੰਘ ਬਾਠ, ਉਪ ਖਜ਼ਾਨਚੀ ਸਰਬਜੀਤ ਸਿੰਘ, ਡਾਇਰੈਕਟਰ ਸਰਦਾਰਾ ਸਿੰਘ, ਡਾਇਰੈਕਟਰ ਅਮਰੀਤ ਸਿੰਘ ਜੱਸਲ, ਡਾਇਰੈਕਟਰ ਜਸਵਿੰਦਰ ਸਿੰਘ, ਡਾਇਰੈਕਟਰ ਮਨੋਹਰ ਸਿੰਘ ਖਹਿਰਾ, ਡਾਇਰੈਕਟਰ ਨਵਜੀਤ ਸਿੰਘ,, ਵੀ ਹਾਜ਼ਰ ਸਨ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।