ਲੁਧਿਆਣਾ, 10 ਮਈ
ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੂੰ ਪੱਤਰ ਲਿਖ ਕੇ ਈਵੀਐੱਮ ਹਟਾ ਕੇ ਬੈਲੇਟ ਪੇਪਰ ’ਤੇ ਵੋਟਾਂ ਪਵਾਉਣ ਲਈ ਵਿਧਾਨ ਸਭਾ ਵਿੱਚ ਦਿੱਤੇ ਭਰੋਸੇ ’ਤੇ ਅਗਲੇਰੀ ਕਾਰਵਾਈ ਕਰਨ ਲਈ ਕਿਹਾ ਹੈ। ਸ੍ਰੀ ਬੈਂਸ ਨੇ ਪੱਤਰ ਰਾਹੀਂ ਸਪੀਕਰ ਨੂੰ ਲਿਖਿਆ ਕਿ ਪਿਛਲੇ ਦਿਨੀਂ ਉਨ੍ਹਾਂ ਨੇ ਵਿਧਾਨ ਸਭਾ ਦੇ ਬਜਟ ਇਜਲਾਸ ਦੌਰਾਨ ਧਿਆਨ ਦਿਵਾਓ ਪ੍ਰਸਤਾਵ ਪੇਸ਼ ਕੀਤਾ ਗਿਆ ਸੀ, ਜਿਸ ਦਾ ਵਿਸ਼ਾ ਪੰਜਾਬ ਵਿੱਚੋਂ ਈਵੀਐੱਮ ਮਸ਼ੀਨ ਹਟਾ ਕੇ ਬੈਲੇਟ ਪੇਪਰ ’ਤੇ ਵੋਟਾਂ ਪਾਉਣ ਸਬੰਧੀ ਸੀ। ਬੈਂਸ ਨੇ ਦੱਸਿਆ ਕਿ ਸਪੀਕਰ ਅੱਗੇ ਪ੍ਰਸਤਾਵ ’ਚ ਦੱਸਿਆ ਗਿਆ ਸੀ ਸੂਬੇ ਅੰਦਰ ਈਵੀਐੱਮ ਮਸ਼ੀਨ ਹਟਾ ਕੇ ਬੈਲੇਟ ਪੇਪਰ ਰਾਹੀਂ ਵੋਟਾਂ ਪਾਉਣ ਦਾ ਅਧਿਕਾਰ ਭਾਰਤੀ ਸੰਵਿਧਾਨ ਦੀ ਧਾਰਾ 328 ਅਧੀਨ ਸੂਬੇ ਦੀਆਂ ਅਸੈਂਬਲੀਆਂ ਨੂੰ ਪ੍ਰਾਪਤ ਹੈ, ਜਿਸ ’ਤੇ ਸਪੀਕਰ ਨੇ ਇਸ ਉੱਪਰ ਜਲਦੀ ਕੋਈ ਅਗਲੇਰੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਸੀ ਪਰ ਹਾਲੇ ਤੱਕ ਇਸ ’ਤੇ ਕੋਈ ਕਾਰਵਾਈ ਨਹੀਂ ਹੋਈ। ਵਿਧਾਇਕ ਨੇ ਸਪੀਕਰ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਇਸ ਸਬੰਧੀ ਕੋਈ ਕਾਰਵਾਈ ਕੀਤੀ ਗਈ ਤਾਂ ਉਸ ਦੀ ਜਾਣਕਾਰੀ ਉਨ੍ਹਾਂ ਨੂੰ ਦਿੱਤੀ ਜਾਵੇ ਅਤੇ ਹਾਲੇ ਤੱਕ ਕਾਰਵਾਈ ਨਾ ਕਰਨ ’ਤੇ ਤੁਰੰਤ ਮਹਾਰਾਸ਼ਟਰ ਦੇ ਸਪੀਕਰ ਦੀ ਤਰਜ਼ ’ਤੇੇ ਵਿਧਾਨ ਸਭਾ ਦੇ ਮੈਂਬਰਾਂ ’ਤੇ ਆਧਾਰਿਤ ਇਕ ਕਮੇਟੀ ਕਾਇਮ ਕੀਤੀ ਜਾਵੇ ਤਾਂ ਕਿ ਇਸ ਸਬੰਧੀ ਸ਼ਿਫਾਰਸ਼ਾਂ ਸੌਂਪਣ ਮਗਰੋਂ ਸਪੀਕਰ ਸਰਕਾਰ ਨੂੰ ਜਲਦੀ ਬਿੱਲ ਲਿਆਉਣ ਲਈ ਆਦੇਸ਼ ਜਾਰੀ ਕਰ ਸਕੇ।