ਅੱਜ ਈਦ-ਉਲ-ਫਿਤਰ ਦੇ ਪਵਿੱਤਰ ਤਿਉਹਾਰ ‘ਤੇ ਮੁਬਾਰਕਬਾਦ ਦੇਣ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਮਾਲੇਰਕੋਟਲਾ ਦੀ ਵੱਡੀ ਈਦਗਾਹ ‘ਤੇ ਪਹੁੰਚੇ ਹਨ। ਇਸ ਦੌਰਾਨ CM ਮਾਨ ਨੇ ਮਾਲੇਰਕੋਟਲਾ ਵਾਸੀਆਂ ਨੂੰ ਵੱਡਾ ਤੋਹਫਾ ਦਿੱਤਾ ਹੈ। ਉਨ੍ਹਾ ਨੇ ਇਕ ਵਾਰ ਫਿਰ ਮਾਲੇਰਕੋਟਲਾ ਵਿਚ ਮੈਡੀਕਲ ਕਾਲਜ ਦਾ ਨਿਰਮਾਣ ਜਲਦ ਕਰਨ ਦਾ ਐਲਾਨ ਕੀਤਾ।

ਕੇਂਦਰ ਸਰਕਾਰ ਦੇ ਸਹਿਯੋਗ ਨਾਲ ਇਹ ਮੈਡੀਕਲ ਕਾਲਜ ਬਣਾਇਆ ਜਾਵੇਗਾ ਜਿਸ ਲਈ ਜ਼ਮੀਨ ਲੈ ਲਈ ਗਈ ਹੈ। ਇਥੇ 100 MBBS ਸੀਟਾਂ ਵਾਲਾ ਮੈਡੀਕਲ ਕਾਲਜ ਬਣਾਇਆ ਜਾਵੇਗਾ ਜਿਥੇ ਇਲਾਕੇ ਦੇ ਨੌਜਵਾਨ ਮੈਡੀਕਲ ਦੀ ਸਿੱਖਿਆ ਹਾਸਲ ਕਰ ਸਕਣਗੇ। ਨਾਲ ਹੀ ਉਨ੍ਹਾਂ ਨੇ ਮਾਲੇਰਕੋਟਲਾ ਦੇ ਸਿਵਲ ਹਸਪਤਾਲ ਨੂੰ ਵੀ ਅਪਗ੍ਰੇਡ ਕਰਨ ਦਾ ਵੀ ਭਰੋਸਾ ਦਿਵਾਇਆ।

ਮੁੱਖ ਮੰਤਰੀ ਨੇ ਕਿਹਾ ਕਿ ਮਾਲੇਰਕੋਟਲਾ ਨਵਾਂ ਜ਼ਿਲ੍ਹਾ ਬਣਿਆ ਹੈ। ਅਜਿਹੇ ਵਿਚ ਮਾਲੇਰਕੋਟਲਾ ਵਿਚ ਜਲਦ ਹੀ ਜ਼ਿਲ੍ਹਾ ਪ੍ਰਬੰਧਕੀ ਪਰਿਸਰ, ਨਵਾਂ ਬੱਸ ਸਟੈਂਡ, ਪਿੰਡਾਂ ਦੀਆਂ ਸੜਕਾਂ ਦਾ ਨਿਰਮਾਣ ਕੀਤਾ ਜਾਵੇਗਾ। ਲੜਕੀਆਂ ਲਈ ਨਵੇਂ ਸਕੂਲ ਦੀ ਸ਼ਾਨਦਾਰ ਇਮਾਰਤ ਦਾ ਨਿਰਮਾਣ ਹੋ ਚੁੱਕਾ ਹੈ ਜਿਥੇ ਜਲਦ ਹੀ ਸਕੂਲ ਨੂੰ ਸ਼ਿਫਟ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਲਦ ਹੀ ਪਿੰਡਾਂ ਲਈ ਮਿੰਨੀ ਬੱਸਾਂ ਸ਼ੁਰੂ ਕੀਤੀਆਂ ਜਾਣਗੀਆਂ। ਬੇਰੁਜ਼ਗਾਰਾਂ ਨੂੰ ਮਿੰਨੀ ਬੱਸਾਂ ਦੇ ਪਰਮਿਟ ਦਿੱਤੇ ਜਾਣਗੇ ਤੇ ਬਿਨ੍ਹਾਂ ਕਿਸੇ ਸਿਫਾਰਿਸ਼ ਤੇ ਪੈਸੇ ਦੇ ਘੱਟ ਰੇਟਾਂ ‘ਤੇ ਪਰਮਿਟਮੁਹੱਈਆ ਕਰਵਾਏ ਜਾਣਗੇ ।