ਕੋਲਕਾਤਾ: ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸ਼ਹਿਰ ਦੇ ਪੂਰਬੀ ਹਿੱਸੇ ਦੇ ਨਿਊ ਟਾਊਨ ਇਲਾਕੇ ’ਚ ਫਲੈਟ ਦਿਵਾਉਣ ਦਾ ਵਾਅਦਾ ਕਰਕੇ ਬਜ਼ੁਰਗਾਂ ਨੂੰ ਕਥਿਤ ਤੌਰ ’ਤੇ ਠੱਗਣ ਨਾਲ ਸਬੰਧਤ ਇਕ ਕੇਸ ਵਿੱਚ ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਤੇ ਅਦਾਕਾਰਾ ਨੁਸਰਤ ਜਹਾਂ ਨੂੰ ਅਗਲੇ ਹਫ਼ਤੇ ਪੁੱਛ ਪੜਤਾਲ ਲਈ ਸੱਦਿਆ ਹੈ। ਅਧਿਕਾਰਤ ਸੂਤਰਾਂ ਨੇ ਅੱਜ ਦੱਸਿਆ ਕਿ ਨੁਸਰਤ ਜਹਾਂ ਨੂੰ ਇੱਥੇ 12 ਸਤੰਬਰ ਨੂੰ ਕੇਂਦਰੀ ਏਜੰਸੀ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਸੂਤਰਾਂ ਅਨੁਸਾਰ ਏਜੰਸੀ ਸੰਸਦ ਮੈਂਬਰ ਦੇ ਬਿਆਨ ਦਰਜ ਕਰ ਸਕਦੀ ਹੈ। ਈਡੀ ਦੀ ਜਾਂਚ ਦਾ ਸਬੰਧ ਬਜ਼ੁਰਗਾਂ ਦੇ ਇੱਕ ਗਰੁੱਪ ਵੱਲੋਂ ਹਾਲ ਹੀ ਵਿੱਚ ਕੀਤੀ ਸ਼ਿਕਾਇਤ ਨਾਲ ਹੈ। ਇਸ ਸਮੂਹ ਨੇ ਇੱਕ ਰੀਅਲ ਅਸਟੇਟ ਕੰਪਨੀ ’ਤੇ ਨਿਊ ਟਾਊਨ ਇਲਾਕੇ ’ਚ ਫਲੈਟ ਦਾ ਵਾਅਦਾ ਕਰਕੇ ਠੱਗਣ ਦਾ ਦੋਸ਼ ਲਾਇਆ ਹੈ।