ਚੰਡੀਗੜ੍ਹ, 20 ਜਨਵਰੀ

ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਢਾ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੀਰਵਾਰ ਨੂੰ ਸਵਾਲ ਕੀਤਾ ਕਿ ਈਡੀ ਵੱਲੋਂ ਉਨ੍ਹਾਂ ਦੇ ਰਿਸ਼ਤੇਦਾਰ ਦੇ ਅਦਾਰੇ ’ਤੇ ਮਾਰੇ ਗਏ ਛਾਪੇ ਦੌਰਾਨ ਜੋ ਕਰੋੜਾਂ ਰੁਪਏ ਦੀ ਨਗਦੀ ਬਰਾਮਦ ਕੀਤੀ ਗਈ ਹੈ, ਉਸ ਬਾਰੇ ਸਪਸ਼ਟੀਕਰਨ ਦੇਣ। ਸ੍ਰੀ ਚੱਢਾ ਨੇ ਦੋਸ਼ ਲਗਾਇਆ ਕਿ ਸ੍ਰੀ ਚੰਨੀ ਦੇ ਭਤੀਜੇ ਨੇ ਬੀਤੇ ਤਿੰਨ-ਚਾਰ ਮਹੀਨਿਆਂ ਵਿੱਚ ਹੀ ਕਥਿਤ ਤੌਰ ’ਤੇ ਕਰੋੜਾਂ ਰੁਪਏ ਇਕੱਠੇ ਕੀਤੇ ਹਨ ਤੇ ਹੋਰ ਸੰਪਤੀ ਬਣਾਈ ਹੈ। ਮੁਹਾਲੀ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਸਵਾਲ ਉਠਾਇਆ ਕਿ ਇਹ ਪੈਸਾ ਕਿਥੋਂ ਆਇਆ ਹੈ। ਉਨ੍ਹਾਂ ਕਿਹਾ ਕਿ ਚਾਰ ਮਹੀਨੇ ਪਹਿਲਾਂ ਚੰਨੀ ਦੇ ਭਤੀਜੇ ਕੋਲ ਇੰਨੀ ਵੱਡੀ ਰਕਮ ਨਹੀਂ ਸੀ। ਉਨ੍ਹਾਂ ਨੇ ਤਨਜ਼ ਕੱਸਿਆ ਕਿ ਕਾਂਗਰਸ ਪਾਰਟੀ ਪਰਦਾਫਾਸ਼ ਹੋ ਗਈ ਹੈ ਤੇ ਸ੍ਰੀ ਚੰਨੀ ਦੀ ‘ਗਰੀਬੀ’ ਵੀ ਜੱਗ ਜਾਹਰ ਹੋ ਗਈ ਹੈ।