ਪਾਲੇਕਲ (ਸ੍ਰੀਲੰਕਾ), 6 ਸਤੰਬਰ
ਮੁੱਖ ਚੋਣਕਾਰ ਅਜੀਤ ਅਗਰਕਰ ਅਤੇ ਕਪਤਾਨ ਰੋਹਿਤ ਸ਼ਰਮਾ ਨੇ 5 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਇੱਕ ਰੋਜ਼ਾ ਵਿਸ਼ਵ ਕੱਪ ਲਈ ਅੱਜ ਭਾਰਤ ਦੀ 15 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਸੱਤ ਬੱਲੇਬਾਜ਼ਾਂ, ਚਾਰ ਗੇਂਦਬਾਜ਼ਾਂ ਅਤੇ ਚਾਰ ਆਲਰਾਊਂਡਰਾਂ ਦੀ ਇਸ 15 ਮੈਂਬਰੀ ਟੀਮ ਦਾ ਉਪ ਕਪਤਾਨ ਹਾਰਦਿਕ ਪਾਂਡਿਆ ਨੂੰ ਚੁਣਿਆ ਗਿਆ ਹੈ। ਉਧਰ ਫਿਟਨੈੱਸ ਦੀਆਂ ਸਮੱਸਿਆਵਾਂ ਨਾਲ ਜੂਝ ਰਹੇ ਵਿਕਟਕੀਪਰ ਬੱਲੇਬਾਜ਼ ਕੇ.ਐੱਲ ਰਾਹੁਲ ਦੀ ਵੀ ਟੀਮ ਵਿੱਚ ਵਾਪਸੀ ਹੋ ਗਈ ਹੈ। ਮੁੱਖ ਚੋਣਕਾਰ ਅਜੀਤ ਅਗਰਕਰ ਨੇ ਕਿਹਾ ਕਿ ਰਾਹੁਲ ਦੀ ਫਿਟਨੈੱਸ ਨੂੰ ਲੈ ਕੇ ਕੋਈ ਚਿੰਤਾ ਨਹੀਂ ਹੈ ਹਾਲਾਂਕਿ ਉਹ ਏਸ਼ੀਆ ਕੱਪ ’ਚ ਭਾਰਤ ਦੇ ਗਰੁੱਪ ਮੈਚਾਂ ਲਈ ਸ੍ਰੀਲੰਕਾ ਨਹੀਂ ਗਿਆ। ਰਾਹੁਲ 9 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਸੁਪਰ-4 ਮੈਚਾਂ ਲਈ ਸ੍ਰੀਲੰਕਾ ਪਹੁੰਚੇਗਾ। ਅਗਰਕਰ ਨੇ ਕਿਹਾ ਕਿ ਰਾਹੁਲ ਨੇ ਐੱਨਸੀਏ ’ਚ ਬੱਲੇਬਾਜ਼ੀ ਅਤੇ ਵਿਕਟਕੀਪਿੰਗ ਦੋਵਾਂ ’ਚ ਆਪਣੀ ਫਿਟਨੈੱਸ ਸਾਬਤ ਕੀਤੀ ਹੈ। ਚੋਣਕਾਰਾਂ ਨੇ ਇਸ਼ਾਨ ਕਿਸ਼ਨ ਨੂੰ ਦੂਜੇ ਵਿਕਟਕੀਪਰ ਬੱਲੇਬਾਜ਼ ਵਜੋਂ ਚੁਣਿਆ ਹੈ। ਕਪਤਾਨ ਰੋਹਿਤ ਸ਼ਰਮਾ ਨੇ ਹਾਲਾਤ ਅਨੁਸਾਰ ਰਾਹੁਲ ਅਤੇ ਇਸ਼ਾਨ ਦੋਵਾਂ ਨੂੰ ਪਲੇਇੰਗ ਇਲੈਵਨ ’ਚ ਚੁਣੇ ਜਾਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ। ਦੋਵਾਂ ਦੀ ਚੋਣ ਨਾਲ ਸੰਜੂ ਸੈਮਸਨ ਦਾ ਰਸਤਾ ਬੰਦ ਹੋ ਗਿਆ ਹੈ, ਜੋ ਇਸ ਵੇਲੇ ਸ੍ਰੀਲੰਕਾ ਵਿੱਚ ਏਸ਼ੀਆ ਕੱਪ ’ਚ ਰਿਜ਼ਰਵ ਖਿਡਾਰੀ ਵਜੋਂ ਭਾਰਤੀ ਟੀਮ ਦੇ ਨਾਲ ਹੈ। ਏਸ਼ੀਆ ਕੱਪ ਵਿੱਚ ਪਾਕਿਸਤਾਨ ਖ਼ਿਲਾਫ਼ ਖੇਡਣ ਵਾਲੇ ਸ਼੍ਰੇਅਸ ਅਈਅਰ ਨੂੰ ਵੀ ਟੀਮ ਵਿੱਚ ਜਗ੍ਹਾ ਮਿਲੀ ਹੈ। ਸੂਰਿਆਕੁਮਾਰ ਯਾਦਵ ਨੂੰ ਇੱਕ ਰੋਜ਼ਾ ਮੁਕਾਬਲਿਆਂ ਵਿੱਚ ਖਰਾਬ ਲੈਅ ਦੇ ਬਾਵਜੂਦ ਟੀਮ ਵਿੱਚ ਜਗ੍ਹਾ ਦਿੱਤੀ ਗਈ ਹੈ।