ਦੁਬਈ, 21 ਸਤੰਬਰ
ਹਾਲ ਹੀ ਵਿੱਚ ਖ਼ਤਮ ਹੋਏ ਏਸ਼ੀਆ ਕੱਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਮਗਰੋਂ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਆਈਸੀਸੀ ਇੱਕ ਰੋਜ਼ਾ ਮੈਚਾਂ ਦੀ ਤਾਜ਼ਾ ਦਰਜਾਬੰਦੀ ਵਿੱਚ ਮੁੜ ਪਹਿਲੇ ਸਥਾਨ ’ਤੇ ਆ ਗਿਆ ਹੈ। ਏਸ਼ੀਆ ਕੱਪ ਦੇ ਫਾਈਨਲ ਵਿੱਚ ਸਿਰਾਜ ਨੇ ਛੇ ਵਿਕਟਾਂ ਲਈਆਂ ਸਨ। ਸਿਰਾਜ ਨੇ ਜਨਵਰੀ ਵਿੱਚ ਗੇਂਦਬਾਜ਼ਾਂ ਦੀ ਸੂਚੀ ਵਿੱਚ ਸਿਖਰਲਾ ਸਥਾਨ ਹਾਸਲ ਕੀਤਾ ਸੀ ਪਰ ਮਾਰਚ ਵਿੱਚ ਜੋਸ਼ ਹੇਜ਼ਲਵੁੱਡ ਇਸ ਸਥਾਨ ’ਤੇ ਕਾਬਜ਼ ਹੋ ਗਿਆ। ਏਸ਼ੀਆ ਕੱਪ ਦੇ ਫਾਈਨਲ ’ਚ ਸ੍ਰੀਲੰਕਾ ਨੂੰ ਸਿਰਫ 50 ਦੌੜਾਂ ’ਤੇ ਆਊਟ ਕਰਨ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਸਿਰਾਜ ਨੂੰ ਅੱਠ ਸਥਾਨਾਂ ਦਾ ਫਾਇਦਾ ਹੋਇਆ ਹੈ। ਭਾਰਤ ਨੇ ਫਾਈਨਲ ਵਿੱਚ 10 ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ। ਉਧਰ ਖੱਬੇ ਹੱਥ ਦਾ ਸਪਿੰਨਰ ਕੁਲਦੀਪ ਯਾਦਵ ਤਿੰਨ ਸਥਾਨਾਂ ਹੇਠਾਂ ਨੌਵੇਂ ਸਥਾਨ ’ਤੇ ਖਿਸਕ ਗਿਆ ਹੈ। ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੋ ਸਥਾਨ ਉਪਰ 27ਵੇਂ ਅਤੇ ਹਾਰਦਿਕ ਪਾਂਡਿਆ ਅੱਠ ਸਥਾਨ ਉਪਰ 50ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਬੱਲੇਬਾਜ਼ਾਂ ਵਿੱਚ ਸ਼ੁਭਮਨ ਗਿੱਲ ਦੂਜੇ ਅਤੇ ਰੋਹਿਤ ਸ਼ਰਮਾ 10ਵੇਂ ਸਥਾਨ ’ਤੇ ਬਰਕਰਾਰ ਹੈ ਜਦਕਿ ਵਿਰਾਟ ਕੋਹਲੀ ਅੱਠਵੇਂ ਸਥਾਨ ’ਤੇ ਆ ਗਿਆ ਹੈ। ਹਰਫਨਮੌਲਾ ਖਿਡਾਰੀਆਂ ਦੀ ਸੂਚੀ ਵਿੱਚ ਭਾਰਤੀ ਖਿਡਾਰੀਆਂ ’ਚੋਂ ਸਿਰਫ ਪਾਂਡਿਆ (6ਵਾਂ ਸਥਾਨ) ਹੀ ਸਿਖਰਲੇ 20 ਵਿੱਚ ਸ਼ਾਮਲ ਹੈ।