ਮੁੰਬਈ, 11 ਮਈ
ਅਦਾਕਾਰਾ ਕੰਗਨਾ ਰਣੌਤ ਦਾ ਟਵਿੱਟਰ ਅਕਾਊਂਟ ਹਾਲ ਹੀ ਵਿੱਚ ਪੱਕੇ ਤੌਰ ’ਤੇ ਬੰਦ ਕੀਤਾ ਜਾ ਚੁੱਕਿਆ ਹੈ। ਅੱਜ ਇੱਥੇ ਸੋਸ਼ਲ ਮੀਡੀਆ ’ਤੇ ਗੱਲਬਾਤ ਕਰਦਿਆਂ ਉਸ ਨੇ ਕਿਹਾ ਕਿ ਉਹ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਵੀ ਪਾਬੰਦੀ ਲੱਗਣ ਦੀ ਉਡੀਕ ਕਰ ਰਹੀ ਹੈ। ਉਸ ਨੇ ਦਾਅਵਾ ਕੀਤਾ ਕਿ ਇਹ ਉਸ ਲਈ ਸਨਮਾਨ ਵਾਲੀ ਗੱਲ ਹੋਵੇਗੀ। ਉਸ ਨੇ ਲਿਖਿਆ, ‘‘ਇੰਸਟਾਗ੍ਰਾਮ ’ਤੇ ਹਰ ਕੋਈ ਪੂੰਜੀਵਾਦ ਦਾ ਸ਼ਿਕਾਰ ਹੈ, ਨੌਜਵਾਨਾਂ ਦੀ ਪੂਰੀ ਪੀੜ੍ਹੀ ਨੂੰ ਸਰਮਾਏਦਾਰੀ ਅਤੇ ਉਦਯੋਗਵਾਦ ਘੁਣ ਵਾਂਗ ਖਾ ਰਿਹਾ ਹੈ ਅਤੇ ਉਨ੍ਹਾਂ ਅੰਦਰ ਕੌਮ ਲਈ ਉਦਾਸਨੀਤਾ ਤੇ ਨਫ਼ਰਤ ਹੈ ਅਤੇ ਇਹ ਭਿਆਨਕ ਸਥਿਤੀ ਹੈ, ਮਨੁੱਖੀ ਕਦਰਾਂ ਕੀਮਤਾਂ ਦੀ ਘਾਟ, ਹਮਦਰਦੀ ਅਤੇ ਰਾਸ਼ਟਰਵਾਦ ਉਨ੍ਹਾਂ ਨੂੰ ਬਦਸੂਰਤ, ਖੋਖਲਾ ਅਤੇ ਬੇਕਾਰ ਬਣਾਉਂਦੀ ਹੈ।’’ ਕੰਗਨਾ ਨੇ ਦਾਅਵਾ ਕੀਤਾ ਕਿ ਫੋਟੋ-ਸ਼ੇਅਰਿੰਗ ਪਲੇਟਫਾਰਮ ਨੇ ਕਦੇ ਉਸ ਨੂੰ ਪ੍ਰਭਾਵਿਤ ਨਹੀਂ ਕੀਤਾ। ਉਸ ਨੇ ਕਿਹਾ, ‘‘ਇਸ ਪਲੇਟਫਾਰਮ ਨੇ ਕਦੇ ਮੈਨੂੰ ਪ੍ਰਭਾਵਿਤ ਨਹੀਂ ਕੀਤਾ ਅਤੇ ਮੈਂ ਬੇਸਬਰੀ ਨਾਲ ਇੱਥੇ ਪਾਬੰਦੀ ਲੱਗਣ ਦੀ ਉਡੀਕ ਕਰ ਰਹੀ ਹਾਂ, ਇਹ ਸਨਮਾਨ ਵਾਲੀ ਗੱਲ ਹੋਵੇਗੀ… ਜਦੋਂ ਮੈਂ ਪਿੱਛੇ ਮੁੜਾਂਗੀ ਤਾਂ ਯਾਦ ਕਰਾਂਗੀ ਕਿ ਮੈਂ ਇੱਥੇ ਫਿੱਟ ਨਹੀਂ ਬੈਠੀ।’’ ਅਦਾਕਾਰਾ ਨੇ ਕਿਹਾ, ‘‘ਮੈਂ ਸਵਾਲ ਪੁੱਛੇ ਤੇ ਉਨ੍ਹਾਂ ਨੂੰ ਆਮ ਰਸਤੇ ਤੋਂ ਵੱਖਰੇ ਤੁਰਨਾ ਲਈ ਕਿਹਾ… ਜਦੋਂ ਤੁਸੀਂ ਮੁੜ ਕੇ ਦੇਖੋਗੇ ਤਾਂ ਤੁਸੀਂ ਆਪਣੇ-ਆਪ ਨੂੰ ਕਿਵੇਂ ਦੋਖੇਗੋ? ਆਗਿਆਕਾਰ ਭੇਡਾਂ ਦਾ ਝੁੰਡ, ਜੋ ਸ਼ੋਸ਼ਣ ਦੀ ਉਡੀਕ ਕਰ ਰਿਹਾ ਹੈ ਜਾਂ ਸ਼ੋਸ਼ਣ ਦਾ ਸ਼ਿਕਾਰ ਹੋ ਚੁੱਕਿਆ ਹੈ।’’ ਬੀਤੇ ਦਿਨ ਕੰਗਨਾ ਨੇ ਮਖੌਲ ਉਡਾਉਂਦਿਆਂ ਕਿਹਾ ਸੀ ਕਿ ਇੰਸਟਾਗ੍ਰਾਮ ਇੱਕ ਕੋਵਿਡ ਫੈਨ ਕਲੱਬ ਹੈ ਅਤੇ ਦੋਸ਼ ਲਾਇਆ ਸੀ ਕਿ ਪਲੇਟਫਾਰਮ ਨੇ ਉਸ ਦੀ ਕਰੋਨਾ ਸਬੰਧੀ ਪਾਈ ਪੋਸਟ ਨੂੰ ਹਟਾ ਦਿੱਤਾ ਸੀ। ਹਾਲ ਹੀ ਵਿੱਚ ਸ਼ਨਿਚਰਵਾਰ ਨੂੰ ਕੰਗਨਾ ਨੇ ਇੰਸਟਾਗ੍ਰਾਮ ’ਤੇ ਇਹ ਖ਼ਬਰ ਸਾਂਝੀ ਕੀਤੀ ਸੀ ਕਿ ਉਸ ਦੀ ਕਰੋਨਾ ਟੈਸਟ ਰਿਪੋਰਟ ਪਾਜ਼ੇਟਿਵ ਆਈ ਹੈ ਅਤੇ ਉਸ ਨੇ ਖ਼ੁਦ ਨੂੰ ਇਕਾਂਤਵਾਸ ਕਰ ਲਿਆ ਹੈ।