ਜਕਾਰਤਾ, 6 ਜੁਲਾਈ
ਓਲੰਪਿਕ ਤਗ਼ਮਾ ਜੇਤੂ ਪੀ.ਵੀ.ਸਿੰਧੂ ਨੇ ਅੱਜ ਆਪਣਾ 23ਵਾਂ ਜਨਮ ਦਿਨ ਜਾਪਾਨ ਦੀ ਆਯਾ ਓਹੋਰੀ ਨੂੰ ਹਰਾ ਕੇ ਮਨਾਇਆ ਜਦੋਂਕਿ ਐਚ.ਐਸ.ਪ੍ਰਣਯ ਵੀ ਇੰਡੋਨੇਸ਼ੀਆ ਓਪਨ ਬੀਡਬਲਿਊਐਫ ਵਿਸ਼ਵ ਟੂਰ ਸੁਪਰ 1000 ਟੂਰਨਾਮੈਂਟ ਦੇ ਕੁਆਰਟਰ ਫਾਈਨਲ ਗੇੜ ਵਿੱਚ ਦਾਖ਼ਲ ਹੋ ਗਿਆ। ਉਧਰ ਭਾਰਤ ਦੀ ਸਟਾਰ ਸ਼ਟਲਰ ਸਾਇਨ ਨੇਹਵਾਲ ਪੰਜਵਾਂ ਦਰਜਾ ਚੀਨ ਦੀ ਚੇਨ ਯੁਫੇਈ ਕੋਲੋਂ ਮਿਲੀ ਹਾਰ (18-21, 15-21) ਨਾਲ ਟੂਰਨਾਮੈਂਟ ’ਚੋਂ ਬਾਹਰ ਹੋ ਗਈ। ਸਾਇਨਾ ਨੇ ਇਸੇ ਸਾਲ ਇੰਡੋਨੇਸ਼ੀਆ ਮਾਸਟਰਜ਼ ਟੂਰਨਾਮੈਂਟ ਦੌਰਾਨ ਇਸੇ ਥਾਂ ’ਤੇ ਚੇਨ ਨੂੰ ਸ਼ਿਕਸਤ ਦਿੱਤੀ ਸੀ। ਇਸ ਦੌਰਾਨ ਸਵਿਸ ਓਪਨ ਜੇਤੂ ਸਮੀਰ ਵਰਮਾ ਵਿਸ਼ਵ ਦੇ ਅੱਵਲ ਨੰਬਰ ਖਿਡਾਰੀ ਡੈਨਮਾਰਕ ਦੇ ਵਿਕਟਰ ਐਕਸੇਲਸਨ ਦੀ ਚੁਣੌਤੀ ਨੂੰ ਪਾਰ ਪਾਉਣ ਵਿੱਚ ਨਾਕਾਮ ਰਿਹਾ।
ਪਿਛਲੇ ਹਫ਼ਤੇ ਮਲੇਸ਼ੀਆ ਓਪਨ ਦੇ ਸੈਮੀ ਫਾਈਨਲ ਵਿੱਚ ਪੁੱਜਣ ਵਾਲੀ ਵਿਸ਼ਵ ਦੀ ਤੀਜੇ ਨੰਬਰ ਦੀ ਖਿਡਾਰਨ ਪੀ.ਵੀ. ਸਿੰਧੂ ਨੇ 17ਵੀਂ ਦਰਜਾਬੰਦੀ ਵਾਲੀ ਓਹੋਰੀ ਨੂੰ 21-17, 21-14 ਦੀ ਸ਼ਿਕਸਤ ਦਿੱਤੀ। ਪੰਜ ਮੈਚਾਂ ਵਿੱਚ ਸਿੰਧੂ ਦੀ ਜਾਪਾਨੀ ਖਿਡਾਰਨ ਖ਼ਿਲਾਫ਼ ਇਹ ਪੰਜਵੀਂ ਜਿੱਤ ਹੈ। ਅਗਲੇ ਗੇੜ ਵਿੱਚ ਸਿੰਧੂ ਥਾਈਲੈਂਡ ਦੀ ਬੁਸਾਨਨ ਓਂਗਬਾਮਰੁੰਗਫਾਨ ਜਾਂ ਚੀਨ ਦੀ ਬਿੰਗਜਿਆਓ ਨਾਲ ਖੇਡੇਗੀ। ਸਿੰਧੂ ਨੇ 0-3 ਨਾਲ ਪੱਛੜਨ ਮਗਰੋਂ ਵਾਪਸੀ ਕਰਦਿਆਂ 10-8 ਤੇ 16-12 ਦੀ ਲੀਡ ਬਣਾਈ। ਉੁਸ ਨੇ ਪਹਿਲਾ ਗੇਮ ਸੌਖਿਆਂ ਹੀ ਜਿੱਤ ਲਿਆ ਤੇ ਦੂਜੇ ਗੇਮ ਵਿੱਚ ਦਬਾਅ ਬਰਕਰਾਰ ਰੱਖਦਿਆਂ ਜਿੱਤ ਦਰਜ ਕੀਤੀ। ਉਧਰ ਪ੍ਰਣਯ ਨੇ ਚੀਨੀ ਤਾਇਪੇ ਦੇ ਵਾਂਗ ਝੂ ਨੂੰ 21-23, 21-15, 21-13 ਨਾਲ ਹਰਾਇਆ। ਪ੍ਰਣਯ ਹੁਣ ਕੁਆਰਟਰ ਫਾਈਨਲ ਵਿੱਚ ਤੀਜਾ ਦਰਜਾ ਪ੍ਰਾਪਤ ਆਲ ਇੰਗਲੈਂਡ ਚੈਂਪੀਅਨ ਚੀਨ ਦੇ ਸ਼ੀ ਯੁਕੀ ਨਾਲ ਮੱਥਾ ਲਾ ਸਕਦਾ ਹੈ।