ਨਾਰਥ ਸਾਊਂਡ (ਐਂਟੀਗਾ), ਅਜਿੰਕਿਆ ਰਹਾਣੇ (102) ਦੇ ਸੈਂਕੜੇ ਤੇ ਹਨੂਮਾ ਵਿਹਾਰੀ ਦੀ 93 ਦੌੜਾਂ ਦੀ ਪਾਰੀ ਦੀ ਬਦੌਲਤ ਭਾਰਤ ਨੇ ਅੱਜ ਇਥੇ ਮੇਜ਼ਬਾਨ ਵੈਸਟ ਇੰਡੀਜ਼ ਖ਼ਿਲਾਫ਼ ਆਪਣੀ ਦੂਜੀ ਪਾਰੀ ਸੱਤ ਵਿਕਟਾਂ ਦੇ ਨੁਕਸਾਨ ਨਾਲ 343 ਦੌੜਾਂ ’ਤੇ ਐਲਾਨ ਦਿੱਤੀ। ਕਪਤਾਨ ਕੋਹਲੀ ਨੇ 51 ਦੌੜਾਂ ਬਣਾਈਆਂ। ਭਾਰਤ ਨੇ ਪਹਿਲੀ ਪਾਰੀ ਵਿੱਚ ਮਿਲੀ 75 ਦੌੜਾਂ ਦੀ ਲੀਡ ਸਦਕਾ ਵੈਸਟਇੰਡੀਜ਼ ਨੂੰ ਜਿੱਤ ਲਈ 419 ਦੌੜਾਂ ਦਾ ਟੀਚਾ ਦਿੱਤਾ ਹੈ। ਚਾਹ ਦੇ ਸਮੇਂ ਤਕ ਭਾਰਤ ਨੇ 15 ਦੌੜਾਂ ਦੇ ਵਕਫ਼ੇ ਵਿੱਚ ਵੈਸਟ ਇੰਡੀਜ਼ ਦੇ ਪੰਜ ਖਿਡਾਰੀਆਂ ਨੂੰ ਆਊਟ ਕਰ ਦਿੱਤਾ ਸੀ। ਤਿੰਨ ਵਿਕਟਾਂ ਜਸਪ੍ਰੀਤ ਬਮਰਾਹ ਜਦੋਂਕਿ ਦੋ ਵਿਕਟਾਂ ਇਸ਼ਾਂਤ ਸ਼ਰਮਾ ਦੇ ਹਿੱਸੇ ਆਈਆਂ।
ਅਜਿੰਕਿਆ ਰਹਾਣੇ ਅਤੇ ਹਨੁਮਾ ਵਿਹਾਰੀ ਦੀ ਬਦੌਲਤ ਭਾਰਤ ਨੇ ਵੈਸਟ ਇੰਡੀਜ਼ ਖ਼ਿਲਾਫ਼ ਪਹਿਲੇ ਟੈਸਟ ਕ੍ਰਿਕਟ ਮੈਚ ਦੇ ਚੌਥੇ ਦਿਨ ਲੰਚ ਤੱਕ ਅੱਜ ਇੱਥੇ ਚਾਰ ਵਿਕਟਾਂ ’ਤੇ 287 ਦੌੜਾਂ ਬਣਾ ਕੇ ਆਪਣੀ ਸਥਿਤੀ ਮਜ਼ਬੂਤ ਕਰ ਲਈ। ਪਹਿਲੀ ਪਾਰੀ ਵਿੱਚ 81 ਦੌੜਾਂ ਬਣਾਉਣ ਵਾਲਾ ਰਹਾਣੇ ਅਜੇ ਤੱਕ 221 ਗੇਂਦਾਂ ਦਾ ਸਾਹਮਣਾ ਕਰਕੇ 90 ਦੌੜਾਂ ਬਣਾ ਕੇ ਖੇਡ ਰਿਹਾ ਹੈ, ਜਦਕਿ ਵਿਹਾਰੀ 57 ਦੌੜਾਂ ਬਣਾ ਕੇ ਉਸ ਦਾ ਸਾਥ ਦੇ ਰਿਹਾ ਹੈ। ਇਨ੍ਹਾਂ ਦੋਵਾਂ ਨੇ ਪੰਜਵੀਂ ਵਿਕਟ ਲਈ ਹੁਣ ਤੱਕ 100 ਦੌੜਾਂ ਜੋੜੀਆਂ। ਭਾਰਤ ਦੀ ਕੁੱਲ ਲੀਡ ਹੁਣ 362 ਦੌੜਾਂ ਹੋ ਗਈ ਹੈ ਅਤੇ ਕਪਤਾਨ ਵਿਰਾਟ ਕੋਹਲੀ ਕਿਸੇ ਵੀ ਸਮੇਂ ਪਾਰੀ ਸਮਾਪਤ ਕਰਨ ਦਾ ਐਲਾਨ ਕਰ ਸਕਦਾ ਹੈ। ਇਸ ਤੋਂ ਪਹਿਲੇ ਸੈਸ਼ਨ ਵਿੱਚ ਭਾਰਤ ਨੇ ਸਿਰਫ਼ ਕੋਹਲੀ ਦੀ ਵਿਕਟ ਗੁਆਈ ਅਤੇ ਇਸ ਦੌਰਾਨ 102 ਦੌੜਾਂ ਬਣਾਈਆਂ। ਵੈਸਟ ਇੰਡੀਜ਼ ਵੱਲੋਂ ਆਫ ਸਪਿੰਨਰ ਰੋਸਟਨ ਚੇਜ ਨੇ 107 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ ਹਨ। ਭਾਰਤ ਨੇ ਚੌਥੇ ਦਿਨ ਤਿੰਨ ਵਿਕਟਾਂ ’ਤੇ 185 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਕਪਤਾਨ ਕੋਹਲੀ 51 ਦੌੜਾਂ ਬਣਾ ਕੇ ਆਊਟ ਹੋਇਆ। ਉਪ ਕਪਤਾਨ ਰਹਾਣੇ ਨੇ ਮੋਰਚਾ ਸੰਭਾਲਿਆ ਹੋਇਆ ਹੈ। ਉਸ ਨੇ ਪਹਿਲੀ ਪਾਰੀ ਵਿੱਚ ਵੀ 81 ਦੌੜਾਂ ਬਣਾਈਆਂ ਸਨ। ਰਹਾਣੇ ਨੇ 17 ਦੌੜਾਂ ’ਤੇ ਮਿਲੇ ਜੀਵਨ ਦਾਨ ਦਾ ਪੂਰਾ ਫ਼ਾਇਦਾ ਉਠਾਇਆ। ਕੇਮਾਰ ਰੋਚ ਦੀ ਗੇਂਦ ’ਤੇ ਜੌਹਨ ਕੈਂਪਬੇਲ ਹੱਥੋਂ ਰਹਾਣੇ ਦਾ ਕੈਚ ਛੁੱਟ ਗਿਆ ਅਤੇ ਉਸ ਨੇ ਆਪਣੇ ਕਰੀਅਰ ਦਾ 18ਵਾਂ ਨੀਮ ਸੈਂਕੜਾ ਪੂਰਾ ਕੀਤਾ। ਰਹਾਣੇ ਅਤੇ ਕੋਹਲੀ ਨੇ 41.4 ਓਵਰ ਵਿੱਚ ਚੌਥੀ ਵਿਕਟ ਲਈ ਨਾਬਾਦ 104 ਦੌੜਾਂ ਦੀ ਭਾਈਵਾਲੀ ਕੀਤੀ ਸੀ।