ਭੀਲਵਾੜਾ(ਰਾਜਸਥਾਨ), 7 ਸਤੰਬਰ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਕਿਹਾ ਕਿ ਹਮਖਿਆਲੀ ਵਿਰੋਧੀ ਪਾਰਟੀਆਂ ਦੇ ਗੱਠਜੋੜ ‘ਇੰਡੀਆ’ ਨੇ ਭਾਜਪਾ ਨੂੰ ਫ਼ਿਕਰਾਂ ਵਿੱਚ ਪਾ ਦਿੱਤਾ ਹੈ ਤੇ ਉਹ ‘ੲਿੰਡੀਆ-ਭਾਰਤ’ ਮਸਲਾ ਉਭਾਰ ਕੇ ਲੋਕਾਂ ਨੂੰ ਗੁਮਰਾਹ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਖੜਗੇ ਨੇ ਕਿਹਾ ਕਿ ਕਾਂਗਰਸ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਕੱਢੀ ‘ਭਾਰਤ ਜੋੋੜੋ ਯਾਤਰਾ’ ਜ਼ਰੀਏ ਪਹਿਲਾਂ ਹੀ ‘ਭਾਰਤ ਜੋੜੋ’ ਦਾ ਸੁਨੇਹਾ ਦੇ ਚੁੱਕੀ ਹੈ। ਉਨ੍ਹਾਂ ਕਿਹਾ ਕਿ ਲਾਲ ਡਾਇਰੀ ਦੇ ਹਵਾਲੇ ਨਾਲ ਗਹਿਲੋਤ ਸਰਕਾਰ ਨੂੰ ਡਰਾਉਣ ਧਮਕਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਭੀਲਵਾੜਾ ਵਿਚ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਖੜਗੇ ਨੇ ਕਿਹਾ, ‘‘ਉਹ(ਭਾਜਪਾ) ਇੰਡੀਆ ਗੱਠਜੋੜ ਨੂੰ ਲੈ ਕੇ ਘਬਰਾਏ ਹੋਏ ਹਨ। ਅਸੀਂ ਪਹਿਲਾਂ ਹੀ ਕਹਿ ਰਹੇ ਹਾਂ ਕਿ ‘ਭਾਰਤ ਜੋੜੋ’, ਪਰ ਤੁਸੀਂ ਕੁਝ ਨਵਾਂ ਲਿਆਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹੋ। ਅਸੀਂ ਭਾਰਤ ਜੋੜੋ ਯਾਤਰਾ ਰਾਹੀਂ ਭਾਰਤ ਨੂੰ ਜੋੜਨ ਦੇ ਸੁਨੇਹੇ ਦਾ ਪ੍ਰਚਾਰ ਪਾਸਾਰ ਕੀਤਾ ਸੀ। ਅਸੀਂ ਜਦੋਂ ਕਦੇ ਵੀ ਕੋਈ ਗੱਲ ਕਰਦੇ ਹਾਂ, ਉਹ ਇਸ ਨੂੰ ਬਦਨਾਮ ਕਰਨ ਜਾਂ ਲੋਕਾਂ ਨੂੰ ਗੁਮਰਾਹ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਹਨ।’’ ਖੜਗੇ ਨੇ ਕਿਹਾ ਕਿ ਗਹਿਲੋਤ ਸਰਕਾਰ ਨੇ ਹਮੇਸ਼ਾ ਆਮ ਆਦਮੀ ਦੇ ਭਲੇ ਲਈ ਕੰਮ ਕੀਤਾ ਹੈ ਤੇ ‘ਲਾਲ ਡਾਇਰੀ’ ਵਿੱਚ ਕੁਝ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਜਪਾ ਲਾਲ ਡਾਇਰੀ ਦੇ ਨਾਂ ’ਤੇੇ ਧਮਕਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਉਧਰ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਵਿਰੋਧੀ ਧਿਰਾਂ ਦੇ ਗੱਠਜੋੜ ’ਚ ਕਾਂਗਰਸ ਪ੍ਰਧਾਨ ਦੀ ਅਹਿਮ ਭੂਮਿਕਾ ਹੈ। ਉਨ੍ਹਾਂ ਸੂਬੇ ਵਿਚ ਭਾਜਪਾ ਵੱਲੋਂ ਕੱਢੀਆਂ ਜਾ ਰਹੀਆਂ ਪਰਿਵਰਤਨ ਯਾਤਰਾਵਾਂ ਨੂੰ ਵੀ ਨਿਸ਼ਾਨਾ ਬਣਾਇਆ।