ਨਵੀਂ ਦਿੱਲੀ, 29 ਮਾਰਚ
ਭਾਰਤੀ ਸਟਾਰ ਸ਼ਟਲਰ ਪੀਵੀ ਸਿੰਧੂ ਨੇ ਅੱਜ ਜਿੱਤ ਨਾਲ ਇੱਥੇ ਯੌਨੈਕਸ ਸਨਰਾਈਜ਼ ਇੰਡੀਆ ਓਪਨ ਦੇ ਕੁਆਰਟਰ ਫਾਈਨਲ ਵਿੱਚ ਥਾਂ ਬਣਾ ਲਈ ਹੈ, ਜਦੋਂਕਿ ਪੁਰਸ਼ ਸਿੰਗਲਜ਼ ਵਿੱਚ ਵੀ ਤੀਜਾ ਦਰਜਾ ਪ੍ਰਾਪਤ ਕਿਦੰਬੀ ਸ੍ਰੀਕਾਂਤ ਸਣੇ ਚਾਰ ਖਿਡਾਰੀ ਆਖ਼ਰੀ ਅੱਠ ਵਿਚ ਪਹੁੰਚੇ ਹਨ। ਦੁਨੀਆਂ ਦੀ ਛੇਵੇਂ ਨੰਬਰ ਦੀ ਖਿਡਾਰਨ ਸਿੰਧੂ ਨੇ ਹਾਂਗਕਾਂਗ ਦੀ ਡੇਂਗ ਜੋਏ ਸ਼ੁਆਨ ਨੂੰ 32 ਮਿੰਟ ਵਿੱਚ 21-11, 21-13 ਨਾਲ ਹਰਾਇਆ। ਪੁਰਸ਼ ਸਿੰਗਲਜ਼ ਵਿੱਚ ਸ੍ਰੀਕਾਂਤ ਤੋਂ ਇਲਾਵਾ ਬੀ ਸਾਈ ਪ੍ਰਣੀਤ, ਪਾਰੂਪੱਲੀ ਕਸ਼ਿਅਪ ਅਤੇ ਐਚਐਸ ਪ੍ਰਣਯ ਨੇ ਦੂਜੇ ਗੇੜ ਵਿੱਚ ਜਿੱਤ ਦਰਜ ਕੀਤੀ, ਪਰ ਪੰਜਵਾਂ ਦਰਜਾ ਪ੍ਰਾਪਤ ਸਮੀਰ ਸ਼ਰਮਾ ਅਤੇ ਸ਼ੁਭੰਕਰ ਡੇਅ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਰਾਸ਼ਟਰਮੰਡਲ ਖੇਡਾਂ ਦੇ ਸਾਬਕਾ ਚੈਂਪੀਅਨ ਪਾਰੂਪੱਲੀ ਕਸ਼ਿਅਪ ਵੀ ਇੰਦਰਾ ਗਾਂਧੀ ਸਟੇਡੀਅਮ ਦੇ ਕੇਡੀ ਜਾਧਵ ਇੰਡੋਰ ਹਾਲ ਵਿੱਚ ਸਿੱਧੇ ਗੇਮ ਵਿੱਚ ਜਿੱਤ ਨਾਲ ਆਖ਼ਰੀ ਅੱਠ ਵਿੱਚ ਥਾਂ ਬਣਾਉਣ ਵਿੱਚ ਸਫਲ ਰਹੇ, ਪਰ ਰਿਯਾ ਮੁਖਰਜੀ ਨੂੰ ਸਖ਼ਤ ਚੁਣੌਤੀ ਪੇਸ਼ ਕਰਨ ਦੇ ਬਾਵਜੂਦ ਹਾਰ ਦਾ ਸਾਹਮਣਾ ਕਰਨਾ ਪਿਆ।
ਦੁਨੀਆਂ ਦੇ 20ਵੇਂ ਨੰਬਰ ਦੇ ਖਿਡਾਰੀ ਪ੍ਰਣੀਤ ਨੇ ਇੱਕ ਘੰਟਾ ਅਤੇ 12 ਮਿੰਟ ਤੱਕ ਚੱਲੇ ਮੁਕਾਬਲੇ ਵਿੱਚ ਦੁਨੀਆ ਦੇ 15ਵੇਂ ਨੰਬਰ ਦੇ ਖਿਡਾਰੀ ਸਮੀਰ ਨੂੰ 18-21, 21-16, 21-15 ਨਾਲ ਹਰਾਇਆ। ਗੈਰ-ਦਰਜਾ ਪ੍ਰਾਪਤ ਅਤੇ ਦੁਨੀਆ ਦੇ 55ਵੇਂ ਨੰਬਰ ਦੇ ਖਿਡਾਰੀ ਕਸ਼ਿਅਪ ਨੂੰ ਹਾਲਾਂਕਿ ਥਾਈਲੈਂਡ ਦੇ ਟੇਨੋਂਗਸੇਕ ਸੇਨਸੋਮਬੂਨਸੁਕ ਖ਼ਿਲਾਫ਼ 21-11, 21-13 ਦੀ ਜਿੱਤ ਦੌਰਾਨ ਵੱਧ ਮੁਸ਼ੱਕਤ ਕਰਨੀ ਪਈ।
ਕਸ਼ਿਅਪ ਨੇ ਮੈਚ ਮਗਰੋਂ ਕਿਹਾ, ‘‘ਉਸ ਖ਼ਿਲਾਫ਼ ਖੇਡਣਾ ਸੌਖਾ ਨਹੀਂ ਹੁੰਦਾ। ਤੁਸੀਂ ਉਮੀਦ ਨਹੀਂ ਕਰ ਸਕਦੇ ਕਿ ਉਹ ਕਿਸ ਤਰ੍ਹਾਂ ਖੇਡੇਗਾ, ਪਰ ਮੈਂ ਅੱਜ ਉਸ ਦੇ ਲਈ ਚੰਗੀ ਤਰ੍ਹਾਂ ਤਿਆਰ ਸੀ।’’ ਸਮੀਰ ਖ਼ਿਲਾਫ਼ ਛੇ ਮੈਚਾਂ ਵਿੱਚ ਇਹ ਪ੍ਰਣੀਤ ਦੀ ਚੌਥੀ ਜਿੱਤ ਹੈ। ਉਸ ਨੇ ਮੈਚ ਮਗਰੋਂ ਕਿਹਾ, ‘‘ਸਮੀਰ ਕਾਫੀ ਚੰਗਾ ਖੇਡਿਆ, ਪਰ ਮੈਂ ਬਿਹਤਰ ਪ੍ਰਦਰਸ਼ਨ ਕੀਤਾ ਅਤੇ ਦੂਜੇ ਤੇ ਤੀਜੇ ਗੇਮ ਵਿੱਚ ਗ਼ਲਤੀਆ ਵੀ ਘੱਟ ਕੀਤੀਆਂ, ਜਿਸਦਾ ਫ਼ਾਇਦਾ ਮਿਲਿਆ। ਮੈਨੂੰ ਅਗਲੇ ਗੇੜ ਵਿੱਚ ਸ੍ਰੀਕਾਂਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਇਹ ਮੈਚ ਬਿਲਕੁਲ ਵੀ ਸੌਖਾ ਨਹੀਂ ਹੋਣ ਵਾਲਾ।’’
ਕੁਆਰਟਰ ਫਾਈਨਲ ਵਿੱਚ ਪ੍ਰਣੀਤ ਦਾ ਸਾਹਮਣਾ ਤੀਜਾ ਦਰਜਾ ਪ੍ਰਾਪਤ ਕਿਦੰਬੀ ਸ੍ਰੀਕਾਂਤ ਨਾਲ ਹੋਵੇਗਾ। ਕਸ਼ਿਅਪ ਚੀਨੀ ਤਾਇਪੈ ਦੇ ਵੈਂਗ ਜੂ ਵੇਈ ਨਾਲ ਭਿੜੇਗਾ। ਰਿਯਾ ਨੇ ਡੈਨਮਾਰਕ ਦੀ ਮਿਯਾ ਬਲਿਕਫੈਲਟ ਨੂੰ ਤਿੰਨ ਗੇਮ ਤੱਕ ਚੱਲੇ ਮੁਕਾਬਲੇ ਵਿੱਚ ਸਖ਼ਤ ਟੱਕਰ ਦਿੱਤੀ, ਪਰ ਅੱਠਵਾਂ ਦਰਜਾ ਪ੍ਰਾਪਤ ਖਿਡਾਰੀ ਨੂੰ 21-8, 17-21, 21-13 ਨਾਲ ਜਿੱਤ ਦਰਜ ਤੋਂ ਨਹੀਂ ਰੋਕ ਸਕੀ।