ਨਵੀਂ ਦਿੱਲੀ, 14 ਦਸੰਬਰ
ਵਿਸ਼ਵ ਚੈਂਪੀਅਨਸ਼ਿਪ ਦੇ ਚਾਂਦੀ ਤਗ਼ਮਾ ਜੇਤੂ ਅਮਿਤ ਪੰਘਾਲ ਦੀ ਗੈਰ-ਮੌਜੂਦਗੀ ਸਿਖ਼ਰ ’ਤੇ ਕਾਬਜ਼ ਗੁਜਰਾਤ ਜਾਇੰਟਸ ਨੂੰ ਮਹਿੰਗੀ ਪਈ, ਜਿਸ ਨੂੰ ਬਾਊਟ ਇੰਡੀਅਨ ਬਾਕਸਿੰਗ ਲੀਕ (ਆਈਬੀਐੱਲ) ਵਿੱਚ ਬੰਬੇ ਬੁਲੇਟਸ ਨੇ 4-3 ਨਾਲ ਹਰਾਇਆ।
ਇੰਦਰਾ ਗਾਂਧੀ ਸਟੇਡੀਅਮ ਕੰਪਲੈਕਸ ਵਿੱਚ ਇਸ ਜਿੱਤ ਨਾਲ ਬੰਬੇ ਬੁਲੇਟਸ ਤਿੰਨ ਮੈਚਾਂ ’ਚ 11 ਅੰਕਾਂ ਨਾਲ ਸੂਚੀ ਵਿੱਚ ਚੌਥੇ ਸਥਾਨ ’ਤੇ ਪਹੁੰਚ ਗਿਆ ਹੈ। ਗੁਜਰਾਤ ਦੇ ਚਾਰ ਮੈਚਾਂ ’ਚ 17 ਅੰਕਾਂ ਨਾਲ ਪਹਿਲੇ ਸਥਾਨ ’ਤੇ ਹੈ। ਉੜੀਸਾ ਵਾਰੀਅਰਜ਼ ਚਾਰ ਮੈਚਾਂ ਨਾਲ 13 ਅੰਕ ਲੈ ਕੇ ਦੂਜੇ ਸਥਾਨ ’ਤੇ ਹੈ ਜਦੋਂਕਿ ਪੰਜਾਬ ਪੈਂਥਰਜ਼ ਟੀਮ ਤਿੰਨ ਮੈਚਾਂ ’ਚ 12 ਅੰਕ ਲੈ ਕੇ ਤੀਜੇ ਸਥਾਨ ’ਤੇ ਹੈ। ਨੌਰਥ-ਈਸਟ ਰਾਇਨੋਜ਼ ਟੀਮ ਦੇ ਤਿੰਨ ਮੈਚਾਂ ’ਚ 11 ਅੰਕ ਹਨ। ਗੁਜਰਾਤ ਦੀ ਟੀਮ ਨੇ ਵੀਰਵਾਰ ਰਾਤ ਨੂੰ ਖੇਡੇ ਗਏ ਇਸ ਮੈਚ ਲਈ ਕਪਤਾਨ ਅਮਿਤ ਪੰਘਾਲ (52 ਕਿੱਲੋ ਵਰਗ), ਸਾਬਕਾ ਵਿਸ਼ਵ ਚੈਂਪੀਅਨ ਸਰਿਤਾ ਦੇਵੀ (ਮਹਿਲਾਵਾਂ ਦੀ 60 ਕਿਲ ਵਰਗ) ਅਤੇ ਮੁਹੰਮਦ ਹਸਾਮੂਦੀਨ (57 ਕਿੱਲੋ ਵਰਗ) ਨੂੰ ਆਰਾਮ ਦੇਣ ਦਾ ਫ਼ੈਸਲਾ ਕੀਤਾ ਸੀ।
ਟਾਸ ਜਿੱਤਣ ਤੋਂ ਬਾਅਦ ਗੁਜਰਾਤ ਦੀ ਟੀਮ ਨੇ 57 ਕਿੱਲੋ ਵਰਗ ਨੂੰ ਬਲਾਕ ਕਰ ਦਿੱਤਾ। ਇਸ ਵਰਗ ਵਿੱਚ ਚਿਰਾਗ ਨੂੰ ਕਵਿੰਦਰ ਸਿੰਘ ਬਿਸ਼ਟ ਨਾਲ ਭਿੜਨਾ ਸੀ। ਬੰਬੇ ਬੁਲੇਟਸ ਟੀਮ ਨੇ ਇਸ ਮੈਚ ਲਈ ਆਪਣੀ ਟੀਮ ’ਚ ਕੋਈ ਬਦਲਾਅ ਨਹੀਂ ਕੀਤਾ। ਉਸ ਵਾਸਤੇ ਨਵੀਨ ਬੂਰਾ ਅਤੇ ਅਨੰਤ ਚੋਪਾੜੇ ਨਾਇਕ ਬਣ ਕੇ ਉੱਭਰੇ। ਵੀਹ ਸਾਲਾਂ ਦੇ ਨਵੀਂ ਬੂਰਾ ਨੇ 69 ਕਿੱਲੋ ਵਰਗ ’ਚ ਦੁਰਯੋਧਨ ਸਿੰਘ ਨੇਗੀ ਨੂੰ ਹਰਾਇਆ ਜਦੋਂਕਿ ਅਨੰਤ ਚੋਪਾੜੇ ਨੇ 52 ਕਿੱਲੋ ਵਰਗ ’ਚ ਪੰਘਾਲ ਦੀ ਜਗ੍ਹਾ ਖੇਡ ਰਹੇ ਸੰਜੇ ਕੁਮਾਰ ਨੂੰ 5-0 ਨਾਲ ਹਰਾਇਆ।
ਉਸ ਤੋਂ ਬਾਅਦ ਸਪੇਨ ਦੇ ਖਿਡਾਰੀ ਇਮੈਨੁਅਲ ਰੇਆਸ ਨੇ ਬਰਤਾਨਵੀ ਚੈਂਪੀਅਨ ਸਕਾਟ ਫਾਰੇਸਟ ਨੂੰ 91 ਕਿੱਲੋ ਭਾਰ ਵਰਗ ’ਚ ਹਰਾਇਆ ਅਤੇ ਫਿਰ ਕਪਤਾਨ ਇਨਗ੍ਰਿਟ ਲੌਰੇਨਾ ਵੈਲੇਂਸੀਆ ਨੇ 51 ਕਿੱਲੋ ਭਾਰ ਵਰਗ ’ਚ ਮੌਨਿਕਾ ਦੀ ਚੁਣੌਤੀ ਨੂੰ ਸਵੀਕਾਰ ਕਰਦੇ ਹੋਏ ਜਿੱਤ ਹਾਸਲ ਕਰ ਕੇ ਆਪਣੀ ਟੀਮ ਨੂੰ 4-0 ਨਾਲ ਅੱਗੇ ਕਰ ਦਿੱਤਾ। ਗੁਜਰਾਤ ਜਾਇੰਟਸ ਨੂੰ ਸਿਖ਼ਰ ’ਤੇ ਕਾਇਮ ਰਹਿਣ ਲਈ ਘੱਟੋ-ਘੱਟ ਇ ਜਿੱਤ ਦੀ ਲੋੜ ਸੀ। ਉਸ ਨੇ ਹਾਲਾਂਕਿ ਬਾਕੀ ਤਿੰਨ ਮੁਕਾਬਲੇ ਆਪਣੇ ਨਾਂ ਕੀਤੇ। ਟੀਮ ਲਈ ਪਹਿਲੀ ਜਿੱਤ ਪਰਵੀਨ ਹੁੱਡਾ ਨੇ ਆਪਣੇ ਨਾਂ ਕੀਤੀ। ਦੱਖਣੀ ਏਸ਼ਿਆਈ ਚੈਂਪੀਅਨ ਪਰਵੀਨ ਨੇ ਸਪੇਨ ਦੇ ਖਿਡਾਰੀ ਮੈਲਿਸਾ ਨੋਇਮੀ ਗੋਂਜ਼ਾਲੇਜ਼ ਨੂੰ ਮਹਿਲਾਵਾਂ ਦੇ 60 ਕਿੱਲੋ ’ਚ ਹਰਾਇਆ।
ਗੁਜਰਾਤ ਜਾਇੰਟਸ ਲਈ ਆਸ਼ੀਸ਼ ਕੁਮਾਰ ਨੇ ਇਸ ਮੁਕਾਬਲੇ ਦੀ ਦੂਜੀ ਜਿੱਤ ਹਾਸਲ ਕੀਤੀ। ਇਹ ਚਾਰ ਮੈਚਾਂ ’ਚ ਆਸ਼ੀਸ਼ ਦੀ ਤੀਜੀ ਜਿੱਤ ਸੀ। ਆਸ਼ੀਸ਼ ਨੇ ਪ੍ਰਯਾਗ ਚੌਹਾਨ ਨੂੰ ਹਰਾਇਆ। ਇਸ ਤੋਂ ਬਾਅਦ ਪੂਨਮ ਨੇ 57 ਕਿੱਲੋ ਵਰਗ ’ਚ ਪ੍ਰਿਯਾ ਕੁਸ਼ਵਾਹਾ ਨੂੰ ਹਰਾਉਂਦੇ ਹੋਏ ਆਪਣੀ ਟੀਮ ਨੂੰ ਲਗਾਤਾਰ ਤੀਜੀ ਜਿੱਤ ਦਿਵਾਈ।