ਮੁੰਬਈ:52ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ਼ ਇੰਡੀਆ (ਆਈਐੱਫਐੱਫਆਈ) ਦੇ ਤੀਜੇ ਦਿਨ ਇੰਡੀਅਨ ਪੈਨੋਰਮਾ ਸੈਕਸ਼ਨ ਦੌਰਾਨ ਅਸਾਮੀ ਫਿਲਮ ‘ਵੀਰਾਂਗਣਾ’ ਅਤੇ ਗੁਜਰਾਤੀ ਫਿਲਮ ‘ਦਿ ਸਪੈੱਲ ਆਫ਼ ਪਰਪਲ’ ਦਿਖਾਈ ਜਾਵੇਗੀ। ਭਾਰਤੀ ਪੈਨੋਰਮਾ ਸੈਕਸ਼ਨ ਵੱਖ-ਵੱਖ ਸ਼੍ਰੇਣੀਆਂ ਅਧੀਨ ਫੀਚਰ ਅਤੇ ਨਾਨ-ਫੀਚਰ ਫਿਲਮਾਂ ਦੀ ਚੋਣ ਲਈ ਜਾਣਿਆ ਜਾਂਦਾ ਹੈ। ਕਿਸ਼ੋਰ ਕਲੀਤਾ ਦੇ ਨਿਰਦੇਸ਼ਨ ਹੇਠ ਬਣੀ ਦਸਤਾਵੇਜ਼ੀ ਫਿਲਮ ‘ਵੀਰਾਂਗਣਾ’ ਅਸਾਮ ਦੇ ਗੁਹਾਟੀ ਆਧਾਰਿਤ ਪਹਿਲੀ ਭਾਰਤੀ ਮਹਿਲਾ ਕਮਾਂਡੋ ਯੂਨਿਟ ਦੀ ਕਹਾਣੀ ਹੈ, ਜੋ ਔਰਤਾਂ ਨੂੰ ਛੇੜ-ਛਾੜ ਤੋਂ ਬਚਾਉਣ ਲਈ ਕੰਮ ਕਰਦੀ ਹੈ। ਫਿਲਮ ਬਾਰੇ ਗੱਲ ਕਰਦਿਆਂ ਕਿਸ਼ੋਰ ਨੇ ਕਿਹਾ, ‘‘ਵੀਰਾਂਗਣਾ’ ਨੂੰ 2021 ਵਿੱਚ ਅਸਾਮ ਪੁਲੀਸ ਵਿੱਚ ਸ਼ਾਮਲ ਕੀਤਾ ਗਿਆ ਸੀ। ਮੈਂ ਅਧਿਕਾਰਕ ਤੌਰ ’ਤੇ ਅਸਾਮ ਸੂਬੇ ਦੇ ਪੁਲੀਸ ਵਿਭਾਗ ਨਾਲ ਸੰਪਰਕ ਕੀਤਾ ਅਤੇ ਮੌਜੂਦਾ ਡੀਜੀਪੀ ਭਾਸਕਰ ਜੋਤੀ ਮਹੰਤਾ ਨੇ ਮੇਰੀ ਬਹੁਤ ਮਦਦ ਕੀਤੀ ਅਤੇ ਵੀਰਾਂਗਣਾ ਬਾਰੇ ਜਾਣਕਾਰੀ ਮੁਹੱਈਆ ਕਰਵਾਈ।’’ ਉਨ੍ਹਾਂ ਦੱਸਿਆ ਕਿ ਫਿਲਮ ਜ਼ਰੀਏ ਉਨ੍ਹਾਂ ਇੱਕ ਸੰਦੇਸ਼ ਦੇਣ ਦਾ ਯਤਨ ਕੀਤਾ ਹੈ ਕਿ ਔਰਤਾਂ ਹੀ ਔਰਤਾਂ ਨੂੰ ਸੁਰੱਖਿਅਤ ਕਰ ਸਕਦੀਆਂ ਹਨ। ਦੂਜੇ ਪਾਸੇ ਫਿਲਮ ‘ਦਿ ਸਪੈੱਲ ਆਫ਼ ਪਰਪਲ’ ਇੱਕ ਛੋਟੀ ਫਿਲਮ ਹੈ, ਜੋ ਪਰਾਚੀ ਬਜਾਨੀਆ ਦੇ ਨਿਰਦੇਸ਼ਨ ਹੇਠ ਬਣੀ ਹੈ। ਇਹ ਫਿਲਮ ਗੁਜਰਾਤ ਦੀਆਂ ਔਰਤਾਂ ਦੇ ਇੱਕ ਸਮੂਹ ਦੀ ਕਹਾਣੀ ਬਿਆਨਦੀ ਹੈ, ਜਿਨ੍ਹਾਂ ਨੂੰ ਪਿੰਡਾਂ ਦੇ ਲੋਕ ਜਾਦੂਗਰਨੀਆਂ ਵਜੋਂ ਜਾਣਦੇ ਹਨ। ਪਰਾਚੀ ਨੂੰ ਇਸ ਵਿਸ਼ੇ ਬਾਰੇ ਇੱਕ ਰੇਡੀਓ ਪ੍ਰੋਗਰਾਮ ਤੋਂ ਪਤਾ ਲੱਗਿਆ, ਜਿੱਥੇ ਉਸ ਨੇ ਕਬਾਇਲੀ ਔਰਤਾਂ ਦੇ ਇੱਕ ਸਮੂਹ ਨੂੰ ਗਾਉਂਦਿਆਂ ਸੁਣਿਆ ਅਤੇ ਇਸ ਮਗਰੋਂ ਉਹ ਉਨ੍ਹਾਂ ਔਰਤਾਂ ਦੀ ਕਹਾਣੀ ਸੁਣਨ ਲਈ ਰਵਾਨਾ ਹੋਈ। ਪਰਾਚੀ ਨੇ ਦੱਸਿਆ, ‘‘ਮੈਨੂੰ ਇੱਕ ਔਰਤਾਂ ਦਾ ਸਮੂਹ ਮਿਲਿਆ, ਜਿਨ੍ਹਾਂ ਨੂੰ ਆਦਿਵਾਸੀ ਕਲਾਕਾਰ ਟੁਕੜੀ ਕਿਹਾ ਜਾਂਦਾ ਸੀ। ਇਹ ਔਰਤਾਂ ਸੱਭਿਆਚਾਰਕ ਅਤੇ ਵਿਆਹਾਂ ਦੇ ਗੀਤਾਂ ਨੂੰ ਆਪਣੇ ਹੀ ਬੋਲਾਂ ਨਾਲ ਭਰ ਦਿੰਦੀਆਂ ਸਨ। ਇਸ ਲਈ ਧੁਨਾਂ ਬਹੁਤ ਆਕਰਸ਼ਕ ਸਨ., ਪਰ ਬੋਲ ਉਨ੍ਹਾਂ ਦੇ ਆਪਣੇ ਸਨ ਅਤੇ ਇਨ੍ਹਾਂ ਸ਼ਬਦਾਂ ਰਾਹੀਂ ਉਹ ਆਪਣੀ ਕਹਾਣੀ ਬਿਆਨ ਕਰ ਰਹੀਆਂ ਸਨ। ਮੈਨੂੰ ਇਹ ਬਹੁਤ ਦਿਲਚਸਪ ਲੱਗਿਆ ਕਿਉਂਕਿ ਉਹ ਆਪਣੇ ਤਰੀਕੇ ਨਾਲ ਵਿਰੋਧ ਕਰ ਰਹੀਆਂ ਸਨ।’