ਕੈਂਡੀ (ਸ੍ਰੀਲੰਕਾ), ਇੰਗਲੈਂਡ ਨੇ ਮੀਂਹ ਤੋਂ ਪ੍ਰਭਾਵਿਤ ਚੌਥੇ ਇੱਕ ਰੋਜ਼ਾ ਕੌਮਾਂਤਰੀ ਕ੍ਰਿਕਟ ਮੈਚ ਵਿੱਚ ਅੱਜ ਇੱਥੇ ਮੇਜ਼ਬਾਨ ਸ੍ਰੀਲੰਕਾ ਨੂੰ ਡਕਵਰਥ ਲੂਈਸ ਪ੍ਰਣਾਲੀ ਰਾਹੀਂ 18 ਦੌੜਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਲੜੀ ਵਿੱਚ 3-0 ਦੀ ਲੀਡ ਬਣਾ ਲਈ ਹੈ। ਇੰਗਲੈਂਡ ਸਾਹਮਣੇ ਜਿੱਤ ਲਈ 274 ਦੌੜਾਂ ਦਾ ਟੀਚਾ ਸੀ। ਉਸ ਨੇ ਜਦੋਂ 27 ਓਵਰਾਂ ਵਿੱਚ ਦੋ ਵਿਕਟਾਂ ’ਤੇ 132 ਦੌੜਾਂ ਬਣਾਈਆਂ ਸਨ, ਉਦੋਂ ਹੀ ਮੀਂਹ ਪੈ ਗਿਆ, ਜਿਸ ਮਗਰੋਂ ਅੱਗੇ ਖੇਡਣਾ ਸੰਭਵ ਨਹੀਂ ਹੋ ਸਕਿਆ। ਡਕਵਰਥ ਲੂਈਸ ਪ੍ਰਣਾਲੀ ਨਾਲ ਇੰਗਲੈਂਡ ਨੂੰ ਉਸ ਸਮੇਂ ਦੋ ਵਿਕਟਾਂ ’ਤੇ 115 ਦੌੜਾਂ ਦੀ ਲੋੜ ਸੀ। ਸ੍ਰੀਲੰਕਾ ਨੇ ਇਸ ਤੋਂ ਪਹਿਲਾਂ ਦਾਸੁਨ ਸ਼ਨਾਕਾ (66 ਦੌੜਾਂ) ਅਤੇ ਸਲਾਮੀ ਬੱਲੇਬਾਜ਼ ਨਿਰੋਸ਼ਨ ਡਿਕਵੇਲਾ (52 ਦੌੜਾਂ) ਦੇ ਨੀਮ ਸੈਂਕੜਿਆਂ ਦੀ ਮਦਦ ਨਾਲ ਸੱਤ ਵਿਕਟਾਂ ’ਤੇ 273 ਦੌੜਾਂ ਦਾ ਚੁਣੌਤੀਪੂਰਨ ਸਕੋਰ ਖੜ੍ਹਾ ਕੀਤਾ ਸੀ।
ਜੇਸਨ ਰਾਏ (45) ਨੇ ਅਲੈਕਸ ਹੇਲਜ਼ (12) ਨਾਲ ਮਿਲ ਕੇ ਪਹਿਲੀ ਵਿਕਟ ਲਈ 52 ਦੌੜਾਂ ਬਣਾਈਆਂ। ਇਨ੍ਹਾਂ ਦੋਵਾਂ ਦੇ ਆਊਟ ਹੋਣ ਮਗਰੋਂ ਜੋਏ ਰੂਟ (ਨਾਬਾਦ 32) ਅਤੇ ਕਪਤਾਨ ਇਯੋਨ ਮੋਰਗਨ (ਨਾਬਾਦ 31 ਦੌੜਾਂ) ਨੇ ਪਾਰੀ ਅੱਗੇ ਵਧਾਈ। ਇਨ੍ਹਾਂ ਦੋਵਾਂ ਨੇ ਤੀਜੀ ਵਿਕਟ ਲਈ 56 ਦੌੜਾਂ ਦੀ ਸਾਂਝੇਦਾਰੀ ਕੀਤੀ। ਸ੍ਰੀਲੰਕਾ ਵੱਲੋਂ ਫ਼ਿਰਕੀ ਗੇਂਦਬਾਜ਼ ਅਕਿਲਾ ਧਨੰਜੈ ਨੇ 27 ਦੌੜਾਂ ਦੇ ਦੋ ਵਿਕਟਾਂ ਲਈਆਂ। ਇਸ ਤੋਂ ਪਹਿਲਾਂ ਸ਼ਨਾਕਾ ਨੇ ਆਪਣੀ ਪਾਰੀ ਵਿੱਚ ਪੰਜ ਛੱਕੇ ਅਤੇ ਚਾਰ ਚੌਕੇ ਮਾਰੇ ਅਤੇ ਇੱਕ ਰੋਜ਼ਾ ਮੈਚਾਂ ਵਿੱਚ ਆਪਣਾ ਸਰਵੋਤਮ ਸਕੋਰ ਬਣਾਇਆ।
ਇੰਗਲੈਂਡ ਵੱਲੋਂ ਮੋਈਨ ਅਲੀ ਨੇ 55 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਡਿਕਵੇਲਾ ਨੇ ਕਪਤਾਨ ਦਿਨੇਸ਼ ਚਾਂਦੀਮਲ (30 ਦੌੜਾਂ) ਨਾਲ ਦੂਜੀ ਵਿਕਟ ਲਈ 60 ਦੌੜਾਂ ਜੋੜ ਕੇ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਪਾਉਣ ਵਾਲੀ ਆਪਣੀ ਟੀਮ ਨੂੰ ਸਦੀਰਾ ਸਮਰਵੀਰਾ (ਇੱਕ) ਦੇ ਛੇਤੀ ਆਊਟ ਹੋਣ ਦੇ ਝਟਕਿਆਂ ਤੋਂ ਉਭਾਰਿਆ। ਤਿਸਾਰਾ ਪਰੇਰਾ (44) ਅਤੇ ਅਕਿਲਾ ਧਨੰਜੇ (ਨਾਬਾਦ 32 ਦੌੜਾਂ) ਨੇ ਆਖ਼ਰੀ ਓਵਰਾਂ ਵਿੱਚ ਸੱਤਵੀਂ ਵਿਕਟ ਲਈ 56 ਦੌੜਾਂ ਦੀ ਸਾਂਝੇਦਾਰੀ ਕਰਕੇ ਸ੍ਰੀਲੰਕਾ ਨੂੰ ਚੰਗੇ ਸਕੋਰ ਤੱਕ ਪਹੁੰਚਾਇਆ।