ਚੈਸਟਰ-ਲੀ-ਸਟਰੀਟ: ਹੈਰੀ ਬਰੁੱਕ ਅਤੇ ਡੇਵਿਡ ਮਲਾਨ ਦੀਆਂ ਸ਼ਾਨਦਾਰ ਪਾਰੀਆਂ ਸਦਕਾ ਇੰਗਲੈਂਡ ਨੇ ਚਾਰ ਮੈਚਾਂ ਦੀ ਟੀ-20 ਲੜੀ ਦੇ ਪਹਿਲੇ ਮੈਚ ਵਿੱਚ ਨਿਊਜ਼ੀਲੈਂਡ ਨੂੰ ਸੱਤ ਵਿਕਟਾਂ ਨਾਲ ਹਰਾਇਆ। ਬਰੁੱਕ ਨੇ 27 ਗੇਂਦਾਂ ’ਤੇ ਤਿੰਨ ਛੱਕੇ ਅਤੇ ਦੋ ਚੌਕਿਆਂ ਦੀ ਬਦੌਲਤ ਨਾਬਾਦ 43 ਦੌੜਾਂ ਬਣਾਈਆਂ, ਜਦਕਿ ਮਲਾਨ ਨੇ 42 ਗੇਂਦਾਂ ’ਤੇ 54 ਦੌੜਾਂ ਦੀ ਪਾਰੀ ਖੇਡੀ। ਇੰਗਲੈਂਡ ਨੇ 140 ਦੌੜਾ ਦਾ ਟੀਚਾ ਛੇ ਓਵਰ ਬਾਕੀ ਰਹਿੰਦਿਆਂ ਹੀ ਹਾਸਲ ਕਰ ਲਿਆ। ਇੰਗਲੈਂਡ ਦੀ ਚੋਣ ਟੀਮ ਨੇ ਭਾਰਤ ਵਿੱਚ ਹੋਣ ਵਾਲੇ ਇੱਕ ਰੋਜ਼ਾ ਵਿਸ਼ਵ ਕੱਪ ਲਈ ਬਰੁੱਕ ਨੂੰ ਟੀਮ ਵਿੱਚ ਨਹੀਂ ਰੱਖਿਆ ਹੈ ਪਰ ਉਸ ਦੀ ਮੌਜੂਦਾ ਪੇਸ਼ਕਾਰੀ ਨੂੰ ਦੇਖਦਿਆਂ ਇਸ ਫ਼ੈਸਲੇ ’ਤੇ ਸਵਾਲ ਖੜ੍ਹੇ ਹੋ ਰਹੇ ਹਨ। ਇਸ ਤੋਂ ਪਹਿਲਾਂ ਬੱਲੇਬਾਜ਼ੀ ਲਈ ਭੇਜੀ ਗਈ ਕਿਵੀ ਟੀਮ ਨੌਂ ਵਿਕਟਾਂ ’ਤੇ 139 ਦੌੜਾਂ ਹੀ ਬਣਾ ਸਕੀ। ਗਲੈਨ ਫਿਲਿਪਸ ਨੇ 38 ਗੇਂਦਾਂ ’ਤੇ 41 ਦੌੜਾਂ ਬਣਾਈਆਂ। ਇੰਗਲੈਂਡ ਲਈ ਬਰਾਇਡਨ ਕਾਰਸ ਨੇ ਚਾਰ ਓਵਰਾਂ ਵਿੱਚ 23 ਦੌੜਾਂ ਦੇ ਕੇ ਤਿੰਨ ਵਿਕਟਾਂ ਹਾਸਲ ਕੀਤੀਆਂ। ਇਸੇ ਤਰ੍ਹਾਂ ਲਿਊਕ ਵੁੱਡ ਨੇ 37 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਦੂਜਾ ਮੈਚ ਸ਼ੁੱਕਰਵਾਰ ਨੂੰ ਹੋਵੇਗਾ।