ਮਾਰਲੋਅ (ਇੰਗਲੈਂਡ),ਭਾਰਤੀ ਮਹਿਲਾ ਹਾਕੀ ਟੀਮ ਨੂੰ ਗ੍ਰੇਟ ਬ੍ਰਿਟੇਨ ਤੋਂ ਇੱਥੇ ਚੌਥੇ ਮੈਚ ਵਿੱਚ ਅੱਜ 1-3 ਗੋਲਾਂ ਨਾਲ ਹਾਰ ਝੱਲਣੀ ਪਈ। ਬ੍ਰਿਟੇਨ ਨੇ ਹੱਨਾਹ ਮਾਰਟਿਨ (ਪੰਜਵੇਂ ਮਿੰਟ) ਦੇ ਗੋਲ ਨਾਲ ਸ਼ੁਰੂ ਵਿੱਚ ਹੀ ਲੀਡ ਹਾਸਲ ਕਰ ਲਈ, ਪਰ ਭਾਰਤ ਦੀ ਨੇਹਾ ਗੋਇਲ ਨੇ 18ਵੇਂ ਮਿੰਟ ਵਿੱਚ ਗੋਲ ਦਾਗ਼ ਕੇ ਸਕੋਰ 1-1 ਨਾਲ ਬਰਾਬਰ ਕਰ ਦਿੱਤਾ।
ਸ਼ਾਰਲਟ ਵਾਟਸਨ ਨੇ ਅੱਧ ਮੈਚ ਤੋਂ ਠੀਕ ਪਹਿਲਾਂ 29ਵੇਂ ਮਿੰਟ ਵਿੱਚ ਗੋਲ ਦਾਗ਼ੇ ਕੇ ਬ੍ਰਿਟੇਨ ਨੂੰ ਅੱਗੇ ਕਰ ਦਿੱਤਾ, ਜਦਕਿ ਜਿਸੈਲ ਐਂਸਲੀ ਨੇ 50ਵੇਂ ਮਿੰਟ ਵਿੱਚ ਤੀਜਾ ਗੋਲ ਕੀਤਾ। ਇਸ ਨਾਲ ਬ੍ਰਿਟੇਨ ਇਸ ਲੜੀ ਵਿੱਚ ਪਹਿਲੀ ਜਿੱਤ ਦਰਜ ਕਰਨ ਵਿੱਚ ਸਫਲ ਰਿਹਾ।
ਵਿਸ਼ਵ ਵਿੱਚ ਨੌਵੇਂ ਸਥਾਨ ’ਤੇ ਕਾਬਜ਼ ਭਾਰਤ ਨੇ ਆਪਣੇ ਪਹਿਲੇ ਮੈਚ ਵਿੱਚ ਬ੍ਰਿਟੇਨ ’ਤੇ 2-1 ਨਾਲ ਜਿੱਤ ਦਰਜ ਕੀਤੀ ਸੀ, ਜਦਕਿ ਇਸ ਮਗਰੋਂ ਅਗਲੇ ਦੋ ਮੈਚ 1-1 ਅਤੇ 0-0 ਨਾਲ ਬਰਾਬਰ ਰਹੇ ਸਨ। ਭਾਰਤ ਅਤੇ ਬ੍ਰਿਟੇਨ ਵਿਚਾਲੇ ਪੰਜਵਾਂ ਅਤੇ ਆਖ਼ਰੀ ਮੈਚ ਸ਼ੁੱਕਰਵਾਰ ਨੂੰ ਖੇਡਿਆ ਜਾਵੇਗਾ।