ਲੰਡਨ:ਸੀਮਤ ਓਵਰਾਂ ਦੀ ਮੁੱਖ ਟੀਮ ਵਿੱਚ ਕਰੋਨਾ ਦੇ ਸੱਤ ਮਾਮਲੇ ਸਾਹਮਣੇ ਆਉਣ ਮਗਰੋਂ ਪਾਕਿਸਤਾਨ ਖ਼ਿਲਾਫ਼ ਇੱਕ-ਰੋਜ਼ਾ ਲੜੀ ਲਈ ਇੰਗਲੈਂਡ ਨੂੰ ਪੂਰੀ ਟੀਮ ਨਵੀਂ ਚੁਣਨ ਲਈ ਮਜਬੂਰ ਹੋਣਾ ਪਿਆ। ਸ੍ਰੀਲੰਕਾ ਖ਼ਿਲਾਫ਼ ਬ੍ਰਿਸਟਲ ਵਿੱਚ ਖੇਡੇ ਗਏ ਇੱਕ-ਰੋਜ਼ਾ ਮੁਕਾਬਲੇ ਮਗਰੋਂ ਸੋਮਵਾਰ ਨੂੰ ਟੀਮ ਦੇ ਨਮੂਨੇ ਲਏ ਗਏ ਸਨ, ਜਿਨ੍ਹਾਂ ’ਚੋਂ ਤਿੰਨ ਖਿਡਾਰੀਆਂ ਅਤੇ ਚਾਰ ਸਹਿਯੋਗੀ ਮੈਂਬਰਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਕਰੋਨਾ ਦੀ ਲਾਗ ਲੱਗਣ ਵਾਲੇ ਖਿਡਾਰੀਆਂ ਦੇ ਨਾਂ ਹਾਲੇ ਗੁਪਤ ਰੱਖੇ ਗਏ ਹਨ। ਇੰਗਲੈਂਡ ਤੇ ਵੇਲਜ਼ ਕ੍ਰਿਕਟ ਬੋਰਡ (ਈਸੀਬੀ) ਨੇ ਦੱਸਿਆ ਕਿ ਟੀਮ ਐਤਵਾਰ ਤੋਂ ਇਕਾਂਤਵਾਸ ਹੈ। ਇੰਗਲੈਂਡ ਨੇ ਪਾਕਿਸਤਾਨ ਖ਼ਿਲਾਫ਼ ਤਿੰਨ ਮੁਕਾਬਲਿਆਂ ਦੀ ਇੱਕ-ਰੋਜ਼ਾ ਅਤੇ ਟੀ-20 ਲੜੀਆਂ ਖੇਡਣੀਆਂ ਹਨ। ਇਸ ਦੌਰੇ ਦੀ ਸ਼ੁਰੂਆਤ ਵੀਰਵਾਰ ਨੂੰ ਹੋਵੇਗੀ। ਇੰਗਲੈਂਡ ਦੀ ਇਸ ਨਵੀਂ ਟੀਮ ਵਿੱਚ ਨੌਂ ਖਿਡਾਰੀ ਪਹਿਲੀ ਵਾਰ ਰਾਸ਼ਟਰੀ ਟੀਮ ਦਾ ਹਿੱਸਾ ਬਣ ਰਹੇ ਹਨ। ਬੇਨ ਸਟੋਕਸ ਇਸ ਟੀਮ ਦੀ ਕਪਤਾਨੀ ਕਰੇਗਾ। ਈਸੀਬੀ ਦੇ ਕ੍ਰਿਕਟ ਨਿਰਦੇਸ਼ਕ ਐਸ਼ਲੇ ਜਾਇਲਜ਼ ਨੇ ਕਿਹਾ, ‘‘ਸਾਨੂੰ ਮਜਬੂਰ ਹੋ ਕੇ ਸਾਰੇ ਖਿਡਾਰੀਆਂ ਅਤੇ ਪ੍ਰਬੰਧਕੀ ਟੀਮ ਨੂੰ ਬਦਲਣਾ ਪਿਆ। ਅਜਿਹਾ ਕਰਨ ਲਈ ਜਿਸ ਤਰ੍ਹਾਂ ਸਾਰਿਆਂ ਨੇ ਇੱਕਜੁਟਤਾ ਦਿਖਾਈ, ਉਸ ’ਤੇ ਮੈਨੂੰ ਮਾਣ ਹੈ।’’