ਚੇਨੱਈ, 10 ਫਰਵਰੀ
ਵਿਸ਼ਵ ਦੇ ਸਭ ਤੋਂ ਤੇਜ਼ ਗੇਂਦਬਾਜ਼ ਜੇਮਜ਼ ਐਂਡਰਸਨ ਦੀ ਤੂਫ਼ਾਨੀ ਗੇਂਦਬਾਜ਼ੀ ਦੀ ਮਦਦ ਨਾਲ ਇੰਗਲੈਂਡ ਨੇ ਪਹਿਲੇ ਕ੍ਰਿਕਟ ਟੈਸਟ ਮੈਚ ਦੇ ਪੰਜਵੇਂ ਅਤੇ ਅਖ਼ੀਰਲੇ ਦਿਨ ਮੰਗਲਵਾਰ ਨੂੰ ਇੱਥੇ ਭਾਰਤ ਨੂੰ 227 ਦੌੜਾਂ ਨਾਲ ਹਰਾ ਕੇ 4 ਮੈਂਚਾਂ ਦੀ ਲੜੀ ਵਿੱਚ 1-0 ਦੀ ਲੀਡ ਹਾਸਲ ਕਰ ਲਈ ਹੈ। ਇਸ ਜਿੱਤ ਨਾਲ ਇੰਗਲੈਂਡ ਦੀ ਵਿਸ਼ਵ ਰੈਕਿੰਗ ਵਿਚ ਸਥਿਤੀ ਮਜ਼ਬੂਤ ਹੋ ਗਈ ਹੈ।
ਇਸ ਤੋਂ ਪਹਿਲਾਂ ਦੁਪਹਿਰ ਦੇ ਖਾਣੇ ਤਕ ਭਾਰਤ ਦਾ ਸਕੋਰ 6 ਵਿਕਟਾਂ ਦੇ ਨੁਕਸਾਨ ’ਤੇ 144 ਦੌੜਾਂ ਸੀ ਅਤੇ ਹਾਰ ਨਿਸ਼ਚਿਤ ਦਿਖਾਈ ਦੇ ਰਹੀ ਸੀ। ਭਾਰਤ 420 ਦੌੜਾਂ ਦੇ ਟੀਚੇ ਦਾ ਪਿੱਛਾ ਕਰ ਰਿਹਾ ਸੀ। ਕਪਤਾਨ ਵਿਰਾਟ ਕੋਹਲੀ ਦੀ ਸ਼ਾਨਦਾਰ ਅਰਧ ਸੈਂਕੜੇ ਦੀ ਪਾਰਟੀ ਨੇ ਹਾਰ ਨੂੰ ਕੁਝ ਦੇਰ ਲਈ ਟਾਲ ਦਿੱਤਾ ਪਰ ਕੋਹਲੀ ਦੇ ਆਊਟ ਹੋਣ ਬਾਅਦ ਇੰਗਲੈਂਡ ਦੇ ਗੇਂਦਬਾਜ਼ਾਂ ਨੇ ਭਾਰਤੀ ਖਿਡਾਰੀਆਂ ਨੂੰ ਮੈਦਾਨ ’ਤੇ ਟਿਕਣ ਨਹੀਂ ਦਿੱਤਾ। ਭਾਰਤ ਨੇ ਸਵੇਰ ਦੇ ਸੈਸ਼ਨ ਵਿੱਚ ਪੰਚ ਵਿਕਟਾਂ ਗੁਆ ਕੇ 105 ਦੌੜਾਂ ਜੋੜੀਆਂ ਸਨ। ਐਂਡਰਸ਼ਨ ਨੇ 17 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਜੈਕ ਲੀਚ ਨੇ 76 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ।
ਜ਼ਿਕਰਯੋਗ ਹੈ ਕਿ ਇੰਗਲੈਂਡ ਹੀ ਪਿਛਲੀ ਵਿਦੇਸ਼ੀ ਟੀਮ ਹੈ ਜੋ ਭਾਰਤ ਵਿੱਚ ਆ ਕੇ ਟੈਸਟ ਲੜੀ ਜਿੱਤਣ ਵਿੱਚ ਸਫ਼ਲ ਰਹੀ ਸੀ। ਇੰਗਲੈਂਡ ਨੇ 2012-13 ਵਿੱਚ ਮੇਜ਼ਬਾਨ ਟੀਮ ਨੂੰ 2-1 ਨਾਲ ਹਰਾਇਆ ਸੀ। ਦੂਜਾ ਟੈਸਟ ਮੈਚ ਇਸੇ ਸਟੇਡੀਅਮ ਵਿਚ 13 ਫਰਵਰੀ ਨੂੰ ਖੇਡਿਆ ਜਾਵੇਗਾ।