ਬ੍ਰਿਸਟਲ, 16 ਮਈ
ਜੌਹਨੀ ਬੇਅਰਸਟੋ ਦੇ ਸੈਂਕੜੇ ਦੀ ਬਦੌਲਤ ਇੰਗਲੈਂਡ ਨੇ ਮੰਗਲਵਾਰ ਨੂੰ ਇੱਥੇ ਵੱਡੇ ਸਕੋਰ ਵਾਲੇ ਤੀਜੇ ਇੱਕ ਰੋਜ਼ਾ ਕੌਮਾਂਤਰੀ ਕ੍ਰਿਕਟ ਮੈਚ ਵਿੱਚ ਪਾਕਿਸਤਾਨ ਨੂੰ ਛੇ ਵਿਕਟਾਂ ਨਾਲ ਹਰਾਇਆ। ਇੰਗਲੈਂਡ ਸਾਹਮਣੇ 359 ਦੌੜਾਂ ਦਾ ਟੀਚਾ ਸੀ ਅਤੇ ਉਸ ਨੇ ਬੇਅਰਸਟੋ ਦੀਆਂ 128 ਦੌੜਾਂ ਦੀ ਮਦਦ ਨਾਲ ਚਾਰ ਵਿਕਟਾਂ ਗੁਆ ਕੇ ਇਸ ਨੂੰ ਹਾਸਲ ਕਰ ਲਿਆ। ਇਸ ਦੇ ਨਾਲ ਹੀ ਉਸ ਨੇ ਸਾਬਿਤ ਕਰ ਦਿੱਤਾ ਕਿ ਉਸ ਦੀ ਟੀਮ ਵੱਡਾ ਟੀਚਾ ਵੀ ਹਾਸਲ ਕਰ ਸਕਦੀ ਹੈ। ਹਾਲਾਂਕਿ ਇੰਗਲੈਂਡ ਆਮ ਤੌਰ ’ਤੇ ਪਹਿਲਾਂ ਬੱਲੇਬਾਜ਼ੀ ਕਰਨਾ ਪਸੰਦ ਕਰਦਾ ਹੈ, ਪਰ ਵਿਸ਼ਵ ਕੱਪ ਨੂੰ ਧਿਆਨ ਵਿੱਚ ਰੱਖਦਿਆਂ ਕਪਤਾਨ ਇਯੋਨ ਮੌਰਗਨ ਨੇ ਟੀਮ ਨੂੰ ਟੀਚੇ ਦਾ ਪਿੱਛਾ ਕਰਨ ਦਾ ਤਜਰਬਾ ਕਰਵਾਉਣ ਲਈ ਪਹਿਲਾਂ ਫੀਲਡਿੰਗ ਕਰਨ ਦਾ ਫ਼ੈਸਲਾ ਲਿਆ।
ਬੇਅਰਸਟੋ ਨੇ ਜੇਸਨ ਰਾਏ (76 ਦੌੜਾਂ) ਨਾਲ ਪਹਿਲੀ ਵਿਕਟ ਲਈ 259 ਦੌੜਾਂ ਦੀ ਭਾਈਵਾਲੀ ਕੀਤੀ। ਇਨ੍ਹਾਂ ਦੋਵਾਂ ਤੋਂ ਇਲਾਵਾ ਜੋਏ ਰੂਟ 43, ਮੋਈਨ ਅਲੀ ਨੇ ਨਾਬਾਦ 46, ਬੇਨ ਸਟੌਕਸ ਨੇ 37 ਅਤੇ ਮੌਰਗਨ ਨੇ ਨਾਬਾਦ 17 ਦੌੜਾਂ ਬਣਾਈਆਂ, ਜਿਸ ਨਾਲ ਇੰਗਲੈਂਡ ਨੇ 31 ਗੇਂਦਾਂ ਬਾਕੀ ਰਹਿੰਦਿਆਂ ਟੀਚਾ ਹਾਸਲ ਕਰ ਲਿਆ। ਇਸ ਜਿੱਤ ਨਾਲ ਇੰਗਲੈਂਡ ਨੇ ਪੰਜ ਮੈਚਾਂ ਦੀ ਲੜੀ ਵਿੱਚ 2-0 ਨਾਲ ਲੀਡ ਬਣਾ ਲਈ ਹੈ।
ਇਸ ਤੋਂ ਪਹਿਲਾਂ ਪਾਕਿਸਤਾਨ ਨੇ ਇਮਾਮ-ਉੱਲ-ਹੱਕ (151 ਦੌੜਾਂ) ਦੇ ਕਰੀਅਰ ਦੇ ਸਰਵੋਤਮ ਸਕੋਰ ਦੀ ਮਦਦ ਨਾਲ ਨੌਂ ਵਿਕਟਾਂ ’ਤੇ 358 ਦੌੜਾਂ ਬਣਾਈਆਂ ਸਨ। ਉਸ ਤੋਂ ਇਲਾਵਾ ਆਸਿਫ਼ ਅਲੀ (52 ਦੌੜਾਂ) ਵੀ 50 ਦੌੜਾਂ ਤੱਕ ਪਹੁੰਚਿਆ ਸੀ। ਇੰਗਲੈਂਡ ਵੱਲੋਂ ਕ੍ਰਿਸ ਵੌਗਸ ਨੇ 67 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ।