ਪੈਰਿਸ, 26 ਨਵੰਬਰ

ਇੰਗਲਿਸ਼ ਚੈਨਲ ਪਾਰ ਕਰਦੇ ਹੋਏ ਕਿਸ਼ਤੀ ਡੁੱਬਣ ਕਾਰਨ ਬਰਤਾਨੀਆ ਜਾ ਰਹੇ ਘੱਟੋ-ਘੱਟ 31 ਪਰਵਾਸੀਆਂ ਦੀ ਮੌਤ ਹੋ ਗਈ। ਫਰਾਂਸ ਦੇ ਗ੍ਰਹਿ ਮੰਤਰੀ ਨੇ ਇਸ ਨੂੰ ਪਰਵਾਸੀਆਂ ਦੇ ਖ਼ਤਰਨਾਕ ਪਰਵਾਸ ਨਾਲ ਜੁੜੀ ਹੁਣ ਤੱਕ ਦੀ ਸਭ ਤੋਂ ਵੱਡੀ ਤ੍ਰਾਸਦੀ ਦੱਸਿਆ ਹੈ।

ਗ੍ਰਹਿ ਮੰਤਰੀ ਗੈਰਾਲਡ ਦਾਰਮੈਨਿਨ ਨੇ ਕਿਹਾ ਕਿ ਅਨੁਮਾਨ ਹੈ ਕਿ ਕਿਸ਼ਤੀ ’ਤੇ 34 ਲੋਕ ਸਵਾਰ ਸਨ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਬੁੱਧਵਾਰ ਨੂੰ 31 ਲਾਸ਼ਾਂ ਮਿਲੀਆਂ ਜਿਨ੍ਹਾਂ ਵਿੱਚ ਪੰਜ ਮਹਿਲਾਵਾਂ ਅਤੇ ਇਕ ਲੜਕੀ ਸ਼ਾਮਲ ਹੈ ਜਦਕਿ ਦੋ ਜਣਿਆਂ ਨੂੰ ਬਚਾਅ ਲਿਆ ਗਿਆ ਹੈ। ਇਕ ਵਿਅਕਤੀ ਅਜੇ ਵੀ ਲਾਪਤਾ ਹੈ। ਯਾਤਰੀ ਕਿਸ ਦੇਸ਼ ਤੋਂ ਹਨ, ਇਸ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।

ਘਟਨਾ ਵਿਚ ਜਿਊਂਦੇ ਬਚਣ ਵਾਲੇ ਲੋਕਾਂ ਦੀ ਭਾਲ ਲਈ ਫਰਾਂਸ-ਬਰਤਾਨੀਆ ਦੀ ਸਾਂਝੀ ਮੁਹਿੰਮ ਦੇਰ ਰਾਤ ਤੱਕ ਜਾਰੀ ਰਹੀ। ਦਾਰਮੈਨਿਨ ਨੇ ਫਰਾਂਸ ਦੇ ਬੰਦਰਗਾਹ ਸ਼ਹਿਰ ਕੈਲਿਸ ਵਿਚ ਪੱਤਰਕਾਰਾਂ ਨੂੰ ਕਿਹਾ ਕਿ ਹਾਦਸੇ ਦਾ ਸ਼ਿਕਾਰ ਹੋਈ ਕਿਸ਼ਤੀ ਨਾਲ ਸਬੰਧਤ ਹੋਣ ਦੇ ਸ਼ੱਕ ਵਿਚ ਚਾਰ ਸ਼ੱਕੀ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਬਾਅਦ ਵਿਚ ਦੋ ਸ਼ੱਕੀਆਂ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ।