ਜੈਪੁਰ, 25 ਅਪਰੈਲ

ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਨੇ ਕਿਹਾ ਹੈ ਕਿ ਇਹ ਕਹਿਣਾ ਗਲਤ ਹੈ ਕਿ ਉਹ ਰਾਜਪਾਲ ਦਾ ਅਹੁਦਾ ਛੱਡਣ ਤੋਂ ਬਾਅਦ ਹੀ 2019 ਦੇ ਪੁਲਵਾਮਾ ਅਤਿਵਾਦੀ ਹਮਲੇ ਨੂੰ ਲੈ ਕੇ ਸਵਾਲ ਖੜ੍ਹੇ ਕਰ ਰਹੇ ਹਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਹਾਲ ਦੇ ਬਿਆਨ ਮਗਰੋਂ ਮਲਿਕ ਦੀ ਇਹ ਟਿੱਪਣੀ ਆਈ। ਸ਼ਾਹ ਨੇ ਕਿਹਾ ਸੀ, ‘‘ਸਾਡੇ ਤੋਂ ਆਪਣਾ ਰਸਤਾ ਵੱਖ ਕਰਨ ਮਗਰੋਂ ਉਹ ਦੋਸ਼ ਲਗਾ ਰਹੇ ਹਨ।’’ ਉਨ੍ਹਾਂ ਰਾਜਸਥਾਨ ਦੇ ਸੀਕਰ ਵਿੱਚ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ‘‘ਇਹ ਕਹਿਣਾ ਗਲਤ ਹੈ ਕਿ ਮੈਂ ਇਹ ਮੁੱਦਾ ਉਦੋਂ ਉਠਾ ਰਿਹਾ ਹਾਂ ਜਦੋਂ ਮੈਂ ਸੱਤਾ ’ਚ ਨਹੀਂ ਹਾਂ।’’ ਮਲਿਕ ਨੇ ਕਿਹਾ ਕਿ ਉਨ੍ਹਾਂ ਨੇ ਇਹ ਮੁੱਦਾ ਹਮਲੇ ਵਾਲੇ ਦਿਨ ਵੀ ਉਠਾਇਆ ਸੀ। ਮਲਿਕ ਪੁਲਵਾਮਾ ਹਮਲੇ ਵੇਲੇ ਜੰਮੂ ਕਸ਼ਮੀਰ ਦੇ ਰਾਜਪਾਲ ਸਨ। ਉਨ੍ਹਾਂ ਇਸ ਹਮਲੇ ਸਬੰਧੀ ਹਾਲ ਵਿੱਚ ਖ਼ੁਫੀਆ ਸੂਚਨਾ ਦੀ ਅਸਫ਼ਲਤਾ ਦਾ ਦੋਸ਼ ਵੀ ਲਗਾਇਆ ਸੀ ਅਤੇ ਇਹ ਵੀ ਕਿਹਾ ਸੀ ਕਿ ਕੇਂਦਰ ਸਰਕਾਰ ਨੇ ਸੁਰੱਖਿਆ ਕਰਮੀਆਂ ਦੀ ਆਵਾਜਾਈ ਲਈ ਜਹਾਜ਼ ਦੇਣ ਤੋਂ ਇਨਕਾਰ ਕਰ ਦਿੱਤਾ ਸੀ।