ਨਵੀਂ ਦਿੱਲੀ : ਭਾਰਤੀ ਟੀਮ ਦੇ ਸਾਬਕਾ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ‘ਤੇ ਨਾਡਾ ਪੈਨਲ ਦੀ ਸੁਣਵਾਈ ‘ਚ ਹਿੱਸਾ ਨਾ ਲੈਣ ਦੇ ਦੋਸ਼ ਲਗਾਏ ਜਾ ਰਹੇ ਹਨ। ਇਸ ‘ਤੇ ਆਪਣੀਆਂ ਪ੍ਰਤੀਕਿਰਿਆਵਾਂ ਦਿੰਦੇ ਹੋਏ ਇਸ ਖਿਡਾਰੀ ਨੇ ਕਿਹਾ, ” ਮੈਂ ਇਸ ਕਮੇਟੀ ਦਾ ਹਿੱਸਾ ਨਹੀਂ ਬਣਨਾ ਚਾਹੁੰਦਾ ਸੀ। ਪਰ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌੜ ਦੇ ਕਹਿਣ ‘ਤੇ ਇਸ ਨਾਲ ਜੁੜਨਾ ਪਿਆ। ਸਹਿਵਾਗ ਦਾ ਕਹਿਣਾ ਹੈ ਕਿ ਉਹ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌੜ ਦੇ ਕਹਿਣ ‘ਤੇ ਇਸ ਪੈਨਲ ‘ਚ ਸ਼ਾਮਲ ਹੋਏ ਸਨ। ਉਨ੍ਹਾਂ ਦਾ ਮੰਨਣਾ ਹੈ ਕਿ ਸਿਰਫ ਓਲੰਪੀਅਨਸ ਨੂੰ ਹੀ ਕਮੇਟੀ ‘ਚ ਹੋਣਾ ਚਾਹੀਦਾ ਹੈ ਕਿਸੇ ਕ੍ਰਿਕਟਰ ਨੂੰ ਨਹੀਂ।
ਸਹਿਵਾਗ ਨੂੰ ਨਵੰਬਰ 2017 ‘ਚ ਨਾਡਾ ਦੇ ਡੋਪਿੰਗ ਰੋਧੀ ਅਪੀਲੀ ਪੈਨਲ ‘ਚ ਸ਼ਾਮਲ ਕੀਤਾ ਗਿਆ ਸੀ। ਪਰ ਅਜੇ ਤੱਕ ਉਨ੍ਹਾਂ ਨੇ ਇਕ ਵੀ ਸੁਣਵਾਈ ‘ਚ ਹਿੱਸਾ ਨਹੀਂ ਲਿਆ। ਉਨ੍ਹਾਂ ਕਿਹਾ, ” ਮੇਰਾ ਮੰਨਣਾ ਹੈ ਕਿ ਕ੍ਰਿਕਟਰਾਂ ਦੀ ਬਜਾਏ ਸਾਬਕਾ ਓਲੰਪੀਅਨ ਨੂੰ ਨਾਡਾ ਪੈਨਲ ਦਾ ਹਿੱਸਾ ਹੋਣਾ ਚਾਹੀਦਾ ਹੈ। ਓਲੰਪਿਕ ਵਰਗ ‘ਚ ਸ਼ਾਮਲ ਖਿਡਾਰੀ ਨਾਡਾ ਦੀ ਕਾਰਜ-ਪ੍ਰਣਾਲੀ ਤੋਂ ਜ਼ਿਆਦਾ ਜਾਣੂ ਹੁੰਦੇ ਹਨ। ਮੇਰੇ ਵਰਗੇ ਵਿਅਕਤੀ ਦੀ ਤੁਲਨਾ ‘ਚ ਓਲੰਪੀਅਨਜ਼ ਖਿਡਾਰੀ ਡੋਪਿੰਗ ਰੋਧੀ ਪ੍ਰਣਾਲੀ ਦੇ ਬਾਰੇ ਜ਼ਿਆਦਾ ਜਾਣਦੇ ਹਨ। ਸ਼ੁਰੂ ‘ਚ ਮੈਂ ਪੈਨਲ ਦਾ ਹਿੱਸਾ ਬਣਨ ਲਈ ਰਾਜ਼ੀ ਨਹੀਂ ਸੀ। ਮੈਂ ਸ਼ੁਰੂ ਤੋਂ ਹੀ ਬੀ.ਸੀ.ਸੀ.ਆਈ. ਦਾ ਹਿੱਸਾ ਰਿਹਾ ਹਾਂ ਅਤੇ ਆਈ. ਸੀ. ਸੀ. ਟੂਰਨਾਮੈਂਟਾਂ ਨੂੰ ਛੱਡ ਕੇ ਮੇਰਾ ਬਹੁਤ ਘੱਟ ਡੋਪ ਟੈਸਟ ਹੋਇਆ ਹੈ। ਇਸ ਲਈ ਮੈਨੂੰ ਇਹ ਸਵੀਕਾਰ ਕਰਨ ‘ਚ ਕੋਈ ਝਿਝਕ ਨਹੀਂ ਕਿ ਮੇਰੀ ਜਾਣਕਾਰੀ ਸੀਮਿਤ ਹੈ।