ਕੁਰੂਕਸ਼ੇਤਰ, 4 ਅਕਤੂਬਰ
ਦੇਸ਼ ਦੀ ਉੱਭਰਦੀ ਨਿਸ਼ਾਨੇਬਾਜ਼ ਇਸ਼ਿਕਾ ਸਚਦੇਵਾ ਨੇ 10 ਮੀਟਰ ਏਅਰ ਰਾਈਫਲ ਅਤੇ ਪਿਸਟਲ ਸਟੇਟ ਸ਼ੂਟਿੰਗ ਚੈਂਪੀਅਨਸ਼ਿਪ-2021 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪ੍ਰੀ-ਨੈਸ਼ਨਲ ਲਈ ਆਪਣੀ ਥਾਂ ਬਣਾ ਲਈ ਹੈ। ਖਿਡਾਰਨ ਦੀ ਇਸ ਪ੍ਰਾਪਤੀ ‘ਤੇ ਖੁਸ਼ ਇਸ਼ਿਕਾ ਸਚਦੇਵਾ ਦੀ ਮਾਂ ਰੇਣੁਕਪ੍ਰੀਤ ਕੌਰ ਨੇ ਦੱਸਿਆ ਕਿ ਦਿੱਲੀ ਦੇ ਤੁਗਲਕਾਬਾਦ ਵਿੱਚ ਇਸ ਸਟੇਟ ਸ਼ੂਟਿੰਗ ਚੈਂਪੀਅਨਸ਼ਿਪ-2021 ਵਿੱਚ ਉਸ ਦੀ ਬੇਟੀ ਨੇ ਆਪਣੀ ਪ੍ਰਤਿਭਾ ਦਿਖਾ ਕੇ ਨਾ ਸਿਰਫ ਕੁਰੂਕਸ਼ੇਤਰ, ਬਲਕਿ ਹਰਿਆਣਾ ਦਾ ਨਾਮ ਰੌਸ਼ਨ ਕੀਤਾ ਹੈ। ਮਹਾਰਿਸ਼ੀ ਮਾਰਕੰਡੇਸ਼ਵਰ ਯੂਨੀਵਰਸਿਟੀ ਮੌਲਾਨਾ ਵਿੱਚ ਬੀਐੱਸਸੀ ਰੇਡੀਓਲੋਜੀ ਫਾਈਨਲ ਦੀ ਵਿਦਿਆਰਥਣ ਇਸ਼ਿਕਾ ਸਚਦੇਵਾ ਨੇ ਦੱਸਿਆ ਕਿ ਉਹ ਹੁਣ 10 ਤੋਂ 14 ਅਕਤੂਬਰ ਤੱਕ ਅਹਿਮਦਾਬਾਦ (ਗੁਜਰਾਤ) ਵਿੱਚ ਹੋਣ ਵਾਲੀ 10 ਮੀਟਰ ਏਅਰ ਰਾਈਫਲ ਅਤੇ ਪਿਸਟਲ ਪ੍ਰੀ-ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ-2021 ਵਿੱਚ ਆਪਣੇ ਹੁਨਰ ਦਾ ਪ੍ਰਦਰਸ਼ਨ ਕਰੇਗੀ।
ਕਰਨ ਸ਼ੂਟਿੰਗ ਰੇਂਜ ਕੁਰੂਕਸ਼ੇਤਰ ਦੇ ਕੋਚ ਜਗਬੀਰ ਸਿੰਘ ਤੋਂ ਸਿਖਲਾਈ ਲੈ ਰਹੀ ਇਸ਼ਿਕਾ ਸਚਦੇਵਾ ਨੇ ਆਪਣੀ ਜਿੱਤ ਦਾ ਸਿਹਰਾ ਆਪਣੇ ਕੋਚ ਜਗਬੀਰ ਸਿੰਘ ਅਤੇ ਮਾਂ ਰੇਣੁਕਾਪ੍ਰੀਤ ਕੌਰ ਨੂੰ ਦਿੰਦਿਆਂ ਕਿਹਾ ਕਿ ਇਹ ਉਨ੍ਹਾਂ ਦੇ ਮਾਰਗਦਰਸ਼ਨ ਅਤੇ ਆਸ਼ੀਰਵਾਦ ਸਦਕਾ ਹੀ ਉਹ ਇਹ ਮੀਲ ਪੱਥਰ ਹਾਸਲ ਕਰਨ ਦੇ ਯੋਗ ਹੋਈ ਹੈ। ਜ਼ਿਕਰਯੋਗ ਹੈ ਕਿ ਇਸ਼ਿਕਾ ਸਚਦੇਵਾ ਦੇ ਪਿਤਾ ਦੀਪਕ ਸਿੰਘ ਦੀ ਕਰੀਬ 15 ਸਾਲ ਪਹਿਲਾਂ ਮੌਤ ਹੋ ਗਈ ਸੀ।