ਤਹਿਰਾਨ, 9 ਜੂਨ
ਪੂਰਬੀ ਇਰਾਨ ਵਿੱਚ ਅੱਜ ਤੜਕੇ ਇੱਕ ਰੇਲ ਗੱਡੀ ਲੀਹੋਂ ਲੱਥਣ ਕਾਰਨ 17 ਵਿਅਕਤੀਆਂ ਦੀ ਮੌਤ ਹੋ ਗਈ ਅਤੇ 50 ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਅਨੁਸਾਰ ਮੌਤਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਹੈ। ਰੇਲ ਵਿੱਚ ਕੁੱਲ 350 ਯਾਤਰੀ ਸਵਾਰ ਸਨ। ਜਾਣਕਾਰੀ ਅਨੁਸਾਰ ਅੱਜ ਤੜਕੇ ਤਬਸ ਸ਼ਹਿਰ ਨੇੜੇ ਰੇਲ ਦੇ ਸੱਤ ਡੱਬਿਆਂ ’ਚੋਂ ਚਾਰ ਲੀਹੋਂ ਲੱਥ ਗਏ। ਸੂਚਨਾ ਮਿਲਦਿਆਂ ਹੀ ਪ੍ਰਸ਼ਾਸਨ ਨੇ ਐਂਬੂਲੈਂਸਾਂ ਅਤੇ ਤਿੰਨ ਹੈਲੀਕਾਪਟਰਾਂ ਦੀ ਮਦਦ ਨਾਲ ਉਥੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ। ਇਸ ਦੌਰਾਨ 12 ਤੋਂ ਵੱਧ ਲੋਕ ਗੰਭੀਰ ਜ਼ਖ਼ਮੀ ਹੋਏ, ਜਿਨ੍ਹਾਂ ਨੂੰ ਨੇੜਲੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਇਰਾਨੀ ਮੀਡੀਆ ਨੇ ਤਬਸ ਦੇ ਗਵਰਨਰ ਅਲੀ ਅਕਬਰ ਰਹੀਮੀ ਦੇ ਹਵਾਲੇ ਨਾਲ ਦੱਸਿਆ ਕਿ ਇਸ ਹਾਦਸੇ ਵਿੱਚ ਘੱਟੋ-ਘੱਟ 17 ਵਿਅਕਤੀਆਂ ਦੀ ਮੌਤ ਹੋਈ ਹੈ। ਰਾਹਤ ਟੀਮਾਂ ਹਾਲੇ ਵੀ ਹਾਦਸਾਗ੍ਰਸਤ ਡੱਬਿਆਂ ਵਿੱਚ ਸਵਾਰੀਆਂ ਦੀ ਭਾਲ ਕਰ ਰਹੀਆਂ ਹਨ। ਇਸ ਕਰਕੇ ਮੌਤਾਂ ਦੀ ਗਿਣਤੀ ਹੋਰ ਵਧਣ ਦਾ ਖਦਸ਼ਾ ਹੈ। ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ। ਮੁਢਲੀ ਜਾਂਚ ਤੋਂ ਲੱਗਦਾ ਹੈ ਕਿ ਰੇਲਗੱਡੀ ਪਟੜੀ ਨੇੜੇ ਖੜ੍ਹੀ ਇੱਕ ਕਰੇਨ ਨਾਲ ਟਕਰਾ ਗਈ, ਹਾਲਾਂਕਿ ਇਹ ਸਪੱਸ਼ਟ ਨਹੀਂ ਹੋਇਆ ਕਿ ਤੜਕੇ ਇਹ ਕਰੇਨ ਪਟੜੀ ਨੇੜੇ ਕਿਉਂ ਲਿਆਂਦੀ ਗਈ ਸੀ।