ਬਗ਼ਦਾਦ, 11 ਅਕਤੂਬਰ
ਇਰਾਕ ਵਿਚ ਅੱਜ ਨਾਗਰਿਕਾਂ ਨੇ ਨਵੀਂ ਸੰਸਦ ਚੁਣਨ ਲਈ ਵੋਟਾਂ ਪਾਈਆਂ। ਇਸ ਦੌਰਾਨ ਮੁਲਕ ਦੀ ਏਅਰਸਪੇਸ ਤੇ ਜ਼ਮੀਨੀ ਹੱਦਾਂ ਨੂੰ ਬੰਦ ਕਰ ਦਿੱਤਾ ਗਿਆ। ਵੋਟਾਂ ਅਗਲੇ ਸਾਲ ਪੈਣੀਆਂ ਸਨ ਪਰ ਇਰਾਕ ਵਿਚ ਲੋਕਾਂ ਦੇ ਤਕੜੇ ਵਿਰੋਧ ਕਾਰਨ ਇਹ ਪਹਿਲਾਂ ਹੀ ਕਰਵਾਈਆਂ ਜਾ ਰਹੀਆਂ ਹਨ। ਹਜ਼ਾਰਾਂ ਲੋਕ ਲੰਮੇ ਸਮੇਂ ਤੋਂ ਭ੍ਰਿਸ਼ਟਾਚਾਰ, ਮਾੜੀਆਂ ਸਹੂਲਤਾਂ ਤੇ ਬੇਰੁਜ਼ਗਾਰੀ ਖ਼ਿਲਾਫ਼ ਆਵਾਜ਼ ਬੁਲੰਦ ਕਰ ਰਹੇ ਹਨ। ਸੁਰੱਖਿਆ ਬਲਾਂ ਨੇ ਨਾਗਰਿਕਾਂ ਦੀ ਬਗਾਵਤ ਖ਼ਿਲਾਫ਼ ਤਾਕਤ ਵੀ ਵਰਤੀ ਹੈ। ਛੇ ਸੌ ਤੋਂ ਵੱਧ ਲੋਕ ਹੁਣ ਤੱਕ ਮਾਰੇ ਗਏ ਹਨ ਤੇ ਹਜ਼ਾਰਾਂ ਫੱਟੜ ਹੋਏ ਹਨ।
ਅਗਵਾ ਦੀਆਂ ਕਈ ਘਟਨਾਵਾਂ ਤੇ ਮਿੱਥ ਕੇ ਕੀਤੀਆਂ ਹੱਤਿਆਵਾਂ ਨੇ ਲੋਕਾਂ ਨੂੰ ਵੋਟਾਂ ਪਾਉਣ ਤੋਂ ਰੋਕਿਆ ਵੀ ਹੈ। 329 ਸੀਟਾਂ ਲਈ 3,449 ਉਮੀਦਵਾਰ ਮੈਦਾਨ ਵਿਚ ਹਨ। ਅਮਰੀਕਾ ਵੱਲੋਂ 2003 ਵਿਚ ਸੱਦਾਮ ਹੁਸੈਨ ਨੂੰ ਸੱਤਾ ਤੋਂ ਬਾਹਰ ਕਰਨ ਤੋਂ ਬਾਅਦ ਛੇਵੀਂ ਵਾਰ ਚੋਣਾਂ ਹੋ ਰਹੀਆਂ ਹਨ। ਪੂਰੇ ਮੁਲਕ ਵਿਚ ਵੱਡੀ ਗਿਣਤੀ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਸਨ। ਕਈ ਚੋਣ ਕੇਂਦਰਾਂ ਦੇ ਬਾਹਰ ਕੰਡਿਆਲੀ ਤਾਰ ਲਾਈ ਗਈ ਸੀ। ਇਰਾਕ ਦੇ ਰਾਸ਼ਟਰਪਤੀ ਬਰਹਾਮ ਸਲੀਹ ਤੇ ਪ੍ਰਧਾਨ ਮੰਤਰੀ ਮੁਸਤਫ਼ਾ ਅਲ-ਕਦੀਮੀ ਨੇ ਇਰਾਕੀਆਂ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ। ਇਰਾਕ ਦੇ ਚੋਟੀ ਦੇ ਸ਼ੀਆ ਮੌਲਵੀ ਅਯਾਤੁੱਲ੍ਹਾ ਅਲੀ ਅਲ-ਸਿਸਤਾਨੀ ਨੇ ਵੀ ਲੋਕਾਂ ਨੂੰ ਵੋਟ ਪਾਉਣ ਲਈ ਕਿਹਾ ਸੀ। ਇਸ ਵਾਰ ਅਲ-ਸਦਰ ਸੈਰੋਨ ਤੇ ਫਾਤਾਹ ਗੱਠਜੋੜ ਵਿਚਾਲੇ ਤਕੜੇ ਮੁਕਾਬਲੇ ਦੀ ਸੰਭਾਵਨਾ ਹੈ। ਫਾਤਾਹ ਗੱਠਜੋੜ ਜ਼ਿਆਦਾਤਰ ਇਰਾਨ ਪੱਖੀ ਸ਼ੀਆ ਤਾਕਤਾਂ ਦਾ ਹੈ। ਸੁੰਨੀ ਕੱਟੜਵਾਦੀ ਗਰੁੱਪ ਇਸਲਾਮਿਕ ਸਟੇਟ ਵਿਰੁੱਧ ਇਹ ਗਰੁੱਪ ਕਾਫ਼ੀ ਉੱਭਰਿਆ ਹੈ। ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਨੇ ਚੋਣਾਂ ਦੀ ਨਿਗਰਾਨੀ ਲਈ 600 ਤੋਂ ਵੱਧ ਕੌਮਾਂਤਰੀ ਆਬਜ਼ਰਵਰ ਲਾਏ ਹਨ। ਇਸ ਦੇ ਬਾਵਜੂਦ ਵੋਟਾਂ ਦੀ ਪ੍ਰਕਿਰਿਆ ਵਿਚ ਧਾਂਦਲੀ ਹੋਣ ਦਾ ਖ਼ਦਸ਼ਾ ਜ਼ਾਹਿਰ ਕੀਤਾ ਗਿਆ ਹੈ।