ਮੁੰਬਈ, 29 ਦਸੰਬਰ
ਮਰਹੂਮ ਅਦਾਕਾਰ ਇਰਫਾਨ ਖਾਨ ਦੀ ਆਖਰੀ ਫਿਲਮ ‘ਦਿ ਸੌਂਗ ਆਫ ਸਕਾਰਪੀਅਨਜ਼’ ਆਉਂਦੇ ਸਾਲ 2021 ਵਿੱਚ ਵੱਡੇ ਪਰਦੇ ’ਤੇ ਰਿਲੀਜ਼ ਹੋਣ ਜਾ ਰਹੀ ਹੈ। ਅਨੂਪ ਸਿੰਘ ਵੱਲੋਂ ਬਣਾਈ ਗਈ ਇਹ ਫਿਲਮ ਆਜ਼ਾਦ ਆਦੀਵਾਸੀ ਔਰਤ ਦੁਆਲੇ ਘੁੰਮਦੀ ਹੈ, ਜੋ ਵਿਸ਼ਵਾਸਘਾਤ ਤੋਂ ਉਭਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਰਫਾਨ ਖਾਨ ਇਸ ਫਿਲਮ ਵਿੱਚ ਊਠਾਂ ਦੇ ਵਪਾਰੀ ਦੇ ਰੂਪ ਵਿੱਚ ਨਜ਼ਰ ਆਉਣਗੇ। ਇਸ ਸਬੰਧੀ ਫਿਲਮ ਦੇ ਨਿਰਮਾਤਾ ਅਭਿਸ਼ੇਕ ਪਾਠਕ ਨੇ ਦੱਸਿਆ, ‘‘ਦਿ ਸੌਂਗ ਆਫ ਸਕਾਰਪੀਅਨਜ਼ ਇਕ ਵਿਸ਼ੇਸ਼ ਕਹਾਣੀ ਹੈ। ਇਸ ਨੂੰ ਇਰਫਾਨ ਖਾਨ ਦੀ ਆਖਰੀ ਫਿਲਮ ਦੇ ਰੂਪ ’ਚ ਪੇਸ਼ ਕਰਨਾ ਸਾਡੇ ਲਈ ਮਾਣ ਵਾਲੀ ਗੱਲ ਹੈ। ਅਸੀਂ ਇਹ ਫਿਲਮ ਭਾਰਤੀ ਸਿਨੇਮਾ ਦੇ ਸਿਤਾਰੇ ਨੂੰ ਸ਼ਰਧਾਂਜਲੀ ਵਜੋਂ ਦਰਸ਼ਕਾਂ ਸਾਹਮਣੇ ਪੇਸ਼ ਕਰਨ ਜਾ ਰਹੇ ਹਾਂ।’’ ਉਨ੍ਹਾਂ ਕਿਹਾ ਕਿ ਉਹ ਖੁਸ਼ਕਿਸਮਤ ਹਨ ਕਿ ਉਨ੍ਹਾਂ ਨੂੰ ਇਹ ਫਿਲਮ ਪੇਸ਼ ਕਰਨ ਦਾ ਮੌਕਾ ਮਿਲਿਆ ਹੈ।