ਓਟਵਾ, 4 ਜਨਵਰੀ : ਫੈਡਰਲ ਸਰਕਾਰ ਕੈਨੇਡਾ ਆਉਣ ਵਾਲੇ ਇਮੀਗ੍ਰੈਂਟਸ ਲਈ ਕੈਨੇਡੀਅਨ ਜੌਬ ਮਾਰਕਿਟ ਨਾਲ ਜੁੜਨ ਤੇ ਹੋਰਨਾਂ ਸੈਟਲਮੈਂਟ ਸੇਵਾਵਾਂ ਵਾਸਤੇ ਵਧੇਰੇ ਫੰਡ ਖਰਚ ਕਰਨ ਦੀ ਤਿਆਰੀ ਕਰ ਰਹੀ ਹੈ। ਅਜਿਹਾ ਨਵੇਂ ਦੇਸ਼ ਵਿੱਚ ਆਉਣ ਤੇ ਆਪਣੇ ਖੇਤਰ ਵਿੱਚ ਨੌਕਰੀਆਂ ਆਸਾਨੀ ਨਾਲ ਲੱਭ ਸਕਣ ਦੀ ਇਮੀਗ੍ਰੈਂਟਸ ਦੀ ਕਾਬਲੀਅਤ ਨੂੰ ਵਧਾਉਣ ਲਈ ਕੀਤਾ ਜਾ ਰਿਹਾ ਹੈ।
ਵੀਰਵਾਰ ਨੂੰ ਵੈਨਕੂਵਰ ਵਿੱਚ ਇਮੀਗ੍ਰੇਸ਼ਨ, ਰਫਿਊਜੀਜ਼ ਐਂਡ ਸਿਟੀਜ਼ਨਸਿ਼ਪ ਮੰਤਰੀ ਅਹਿਮਦ ਹੁਸੈਨ ਨੇ ਇਹ ਐਲਾਨ ਕੀਤਾ ਕਿ ਉਨ੍ਹਾਂ ਦੇ ਵਿਭਾਗ ਵੱਲੋਂ 2023 ਤੱਕ 16 ਸੰਸਥਾਵਾਂ ਨੂੰ ਇਮੀਗ੍ਰੇਸ਼ਨ ਅਤੇ ਸੈਟਲਮੈਂਟ ਸਪੋਰਟ ਲਈ ਸਾਂਝੇ ਤੌਰ ਉੱਤੇ 113 ਮਿਲੀਅਨ ਡਾਲਰ ਮੁਹੱਈਆ ਕਰਵਾਏ ਜਾ ਰਹੇ ਹਨ। ਇਹ ਸੰਸਥਾਵਾਂ ਇਮੀਗ੍ਰੈਂਟਸ ਨਾਲ ਉਸ ਸਮੇਂ ਹੀ ਸੰਪਰਕ ਕਰ ਲੈਣਗੀਆਂ ਜਦੋਂ ਉਹ ਅਜੇ ਆਪਣੇ ਮੁਲਕ ਵਿੱਚ ਹੀ ਹੋਣਗੇ। ਇਹ ਸੱਭ ਇਮੀਗ੍ਰੈਂਟਸ ਨੂੰ ਕੈਨੇਡਾ ਪਹੁੰਚਣ ਤੋਂ ਪਹਿਲਾਂ ਨੌਕਰੀ ਦੇ ਪਰੀਪੇਖ ਵਿੱਚ ਸੁਧਾਰ ਲਿਆਉਣ ਵਿੱਚ ਮਦਦ ਕਰਨ ਤੇ ਜਨਰਲ, ਰੀਜਨਲ ਤੇ ਪੇਸ਼ੇਵਰਾਨਾ ਰੋਜ਼ਗਾਰ ਸੇਵਾਵਾਂ ਮੁਹੱਈਆ ਕਰਵਾਉਣ ਲਈ ਕੀਤਾ ਜਾ ਰਿਹਾ ਹੈ।
ਇਹ ਗਰੁੱਪ ਇਮੀਗ੍ਰੈਂਟਸ ਨੂੰ ਕੈਨੇਡਾ ਪਹੁੰਚਣ ਤੋਂ ਪਹਿਲਾਂ ਹੀ ਕਿਸੇ ਵੀ ਤਰ੍ਹਾਂ ਦੀ ਸਬੰਧਤ ਨੌਕਰੀ ਦਾ ਲਾਇਸੰਸ ਦਿਵਾਉਣ ਲਈ ਅਪਲਾਈ ਕਰਨ ਤੇ ਉਨ੍ਹਾਂ ਦੀ ਪ੍ਰੋਫੈਸ਼ਨਲ ਯੋਗਤਾ ਮੁਕੰਮਲ ਕਰਵਾਉਣ ਲਈ ਉਨ੍ਹਾਂ ਨੂੰ ਹੱਲਾਸ਼ੇਰੀ ਦੇਣਗੇ। ਇਸ ਦੇ ਨਾਲ ਹੀ ਜੇ ਇਮੀਗ੍ਰੈਂਟਸ ਨੂੰ ਕਿਸੇ ਕਿਸਮ ਦੀ ਸਕਿੱਲ ਟਰੇਨਿੰਗ ਚਾਹੀਦੀ ਹੋਵੇਗੀ ਉਹ ਵੀ ਦਿਵਾਈ ਜਾਵੇਗੀ। ਇਹ ਪ੍ਰੋਗਰਾਮ ਚੀਨ, ਭਾਰਤ, ਫਿਲੀਪੀਨਜ਼ ਤੇ ਮੋਰਾਕੋ ਵਿੱਚ ਫਰੈਂਚ ਸੇਵਾਵਾਂ ਲਈ ਕਾਇਮ ਕੀਤੇ ਗਏ ਪਾਇਲਟ ਪ੍ਰੋਜੈਕਟ ਲਈ ਸ਼ੁਰੂ ਕੀਤਾ ਜਾਵੇਗਾ।
ਹੁਸੈਨ ਨੇ ਆਖਿਆ ਕਿ ਇਨ੍ਹਾਂ ਸੇਵਾਵਾਂ ਨਾਲ ਇਮੀਗ੍ਰੈਂਟਸ ਨੂੰ ਕੈਨੇਡੀਅਨ ਲੇਬਰ ਮਾਰਕਿਟ ਵਿੱਚ ਸਹਿਜੇ ਹੀ ਸੈਟਲ ਹੋਣ ਵਿੱਚ ਮਦਦ ਮਿਲੇਗੀ। ਇਹ ਸੇਵਾਵਾਂ ਤਿੰਨ ਵੰਨਗੀਆਂ ਵਿੱਚ ਵੰਡੀਆਂ ਗਈਆਂ ਹਨ : ਆਰਥਿਕ ਅਤੇ ਫੈਮਿਲੀ ਕਲਾਸ ਇਮੀਗ੍ਰੈਂਟਸ, ਫਰੈਂਕੋਫੋਨ ਇਮੀਗ੍ਰੈਂਟਸ ਤੇ ਰਫਿਊਜੀਜ਼।