-56% ਨੇ ਕਿਹਾ ਟਰੂਡੋ ਸਰਕਾਰ ਪਨਾਹ ਲੈਣ ਵਾਲਿਆਂ ਲਈ ਨਰਮ ਹੈ

ਸਟਾਰ ਨਿਊਜ਼:- ਬੀਤੇ ਦਿਨੀਂ ਐਂਗਸ ਰੀਡ ਵਲੋਂ ਇੱਕ ਨਵੇਂ ਸਰਵੇਖਣ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਕੈਨੇਡਾ ਦੇ ਇਮੀਗਰੇਸ਼ਨ ਸਿਸਟਮ ਨੂੰ ਠੀਕ ਕਰਨ ਲਈ ਟਰੂਡੋ ਨਾਲੋਂ ਲੋਕ ਸ਼ੀਅਰ ਨੂੰ ਵਧੀਆ ਦੱਸ ਰਹੇ ਹਨ। ਅੱਧੇ ਤੋਂ ਵੱਧ ਕੈਨੇਡੀਅਨ ਇਹ ਸੋਚਦੇ ਹਨ ਕਿ ਸਰਹੱਦੀ ਮਸਲਿਆਂ ਦੇ ਹੱਲ ਲਈ ਟਰੂਡੋ ਸਰਕਾਰ ਵਧੇਰੇ ਨਰਮਾਈ ਵਰਤ ਰਹੀ ਹੈ। ਬੀਤੇ ਸੋਮਵਾਰ ਨੂੰ ਜਾਰੀ ਕੀਤੇ ਗਏ ਇਸ ਸਰਵੇਖਣ ਵਿੱਚ 28% ਲੋਕਾਂ ਨੇ ਕਿਹਾ ਕਿ ਇਮੀਗਰੇਸ਼ਨ ਦੇ ਮਸਲੇ ਲਈ ਟਰੂਡੋ ਨਾਲੋਂ ਸ਼ੀਅਰ ਵਧੀਆ ਹੈ। ਸਿਰਫ਼ 22% ਲੋਕਾਂ ਇਸ ਮਸਲੇ ਤੇ ਟਰੂਡੋ ਦੇ ਹੱਕ ਵਿੱਚ ਦਿਸੇ। 18% ਨੇ ਕਿਹਾ ਕਿ ਐਨਡੀਪੀ ਦੇ ਜਗਮੀਤ ਸਿੰਘ ਇਮੀਗਰੇਸ਼ਨ ਲਈ ਵਧੀਆ ਹਨ। 17% ਲੋਕਾਂ ਨੇ ਕਿਸੇ ਦੇ ਹੱਕ ਵਿੱਚ ਵੀ ਵੋਟ ਨਹੀਂ ਪਾਈ।
ਸਰਵੇਖਣ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਇਮੀਗਰੇਸ਼ਨ ਦੇ ਮਸਲੇ ਨੂੰ ਲਿਬਰਲ ਨੇ ਆਪਣੇ ਚਾਰ ਸਾਲ ਦੇ ਰਾਜ ਵਿੱਚ ਕਿਵੇਂ ਨਜਿੱਠਿਆ ਹੈ ਜਿਸ ਵਿੱਚ 47% ਲੋਕਾਂ ਨੇ ਸੰਤੁਸ਼ਟੀ ਜਾਹਿਰ ਕੀਤੀ ਹੈ ਕਿ ਸਰਕਾਰ ਨੇ ਠੀਕ ਕੰਮ ਕੀਤਾ ਹੈ। ਜਦਕਿ 53% ਲੋਕਾਂ ਦਾ ਇਹ ਮੰਨਣਾ ਹੈ ਇਮੀਗਰੇਸ਼ਨ ਨੂੰ ਲੈਕੇ ਸਰਕਾਰ ਨੇ ਮਾੜੀ ਕਾਰਗੁਜ਼ਾਰੀ ਦਿਖਾਈ ਹੈ। 6% ਕੰਜ਼ਰਵਟਿਵ ਵੋਟਰ ਵੀ ਲਿਬਰਲ ਦੇ ਰਿਕਾਰਡ ਨੂੰ ਠੀਕ ਮੰਨਦੇ ਹਨ ਪਰ 35% ਵੋਟਰਾਂ ਦੀ ਰਾਏ ਨੈਗਟਿਵ ਹੈ। ਅੱਧੇ ਨਾਲੋਂ ਵੱਧ 56% ਕੈਨੇਡੀਅਨ ਇਹ ਮੰਨਦੇ ਹਨ ਕਿ ਟਰੂਡੋ ਦੀ ਲਿਬਰਲ ਸਰਕਾਰ ਸਰਹੱਦੀ ਮਸਲਿਆਂ ਅਤੇ ਪਨਾਹਗੀਰਾਂ ਲਈ ਬਹੁਤ ਨਰਮ ਰਹੀ ਹੈ। ਸਿਰਫ਼ 26% ਨੇ ਹੀ ਇਸ ਸਬੰਧੀ ਸਰਕਾਰ ਦੀ ਕਾਰਗੁਜਾਰੀ ਤੇ ਸੰਤੁਸ਼ਰੀ ਜਾਹਿਰ ਕੀਤੀ ਹੈ।
ਸਤੰਬਰ ਵਿੱਚ ਕੀਤੇ ਇਸ ਸਰਵੇਖਣ ਵਿੱਚ ਇਹ ਵੀ ਪਤਾ ਲੱਗਾ ਹੈ ਕਿ ਬਹੁਤੇ ਕੈਨੇਡੀਅਨਾਂ ਨੂੰ ਹਰ ਕੈਨੇਡਾ ਆਉਣ ਵਾਲੇ ਇਮੀਗਰਾਂਟਾਂ ਦੀ ਗਿਣਤੀ ਦਾ ਸਹੀ ਅੰਦਾਜ਼ਾ ਨਹੀਂ ਹੈ। ਇਸ ਸਮੇਂ ਕੈਨੇਡਾ ਹਰ ਸਾਲ 300,000 ਦੇ ਕਰੀਬ ਇਮੀਗਰਾਂਟ ਸੱਦਦਾ ਹੈ। ਪਰ 33% ਲੋਕ ਇਹ ਸਮਝਦੇ ਹਨ ਕਿ ਕੈਨੇਡਾ 200,000 ਤੋਂ 300,000 ਦੇ ਵਿਚਾਲੇ ਇਮੀਗਰਾਂਟ ਬੁਲਾਉਂਦਾ ਹੈ, 20% ਇਹ ਸਮਝਦੇ ਹਨ ਕਿ ਇਹ ਗਿਣਤੀ 200,000 ਤੋਂ ਵੀ ਘੱਟ ਹੈ। ਸਿਰਫ਼ 20% ਹੀ ਇਹ ਸਹੀ ਦੱਸ ਸਕੇ ਕਿ ਸਰਕਾਰ ਹਰ ਸਾਲ ਕਿੰਨੇ ਇਮੀਗਰਾਂਟ ਬੁਲਾਉਂਦੀ ਹੈ।
ਸਰਵੇਖਣ ਵਿੱਚ 39% ਲੋਕਾਂ ਕਿਹਾ ਕਿ 300,000 ਦੀ ਗਿਣਤੀ ਸਹੀ ਹੈ, ਪਰ 40% ਦਾ ਕਹਿਣਾ ਸੀ ਕਿ ਇਹ ਬਹੁਤ ਜ਼ਿਆਦਾ ਹੈ ਅਤੇ 13% ਦਾ ਮੰਨਣਾ ਸੀ ਇਹ ਬਹੁਤ ਘੱਟ ਹੈ। ਕੈਨੇਡਾ ਦੇ ਵੱਖ-ਵੱਖ ਸੂਬਿਆਂ ਅਤੇ ਇਲਾਕਿਆਂ ਵਿੱਚ ਵੀ ਲੋਕਾਂ ਦੀ ਇਮੀਗਰੇਸ਼ਨ ਦੇ ਸਬੰਧ ਵਿੱਚ ਰਾਏ ਵੱਖਰੀ ਹੈ ਜਿਵੇਂ ਅਲਬਰਟਾ, ਸਸਕੈਚਵਾਨ ਅਤੇ ਮੈਨੀਟੋਬਾ ਵਿੱਚ 47% ਦਾ ਇਹ ਕਹਿਣਾ ਸੀ ਕਿ ਇਮੀਗਰੇਸ਼ਨ ਦੀ ਗਿਣਤੀ ਬਹੁਤ ਜ਼ਿਆਦਾ ਹੈ। ਬ੍ਰਿਟਿਸ਼ ਕੋਲੰਬੀਆ ਅਤੇ ਐਟਲਾਂਟਿਕ ਕੈਨੇਡਾ ਵਿੱਚ 37% ਲੋਕ ਸੋਚਦੇ ਹਨ ਕਿ ਇਮੀਗਰੇਸ਼ਨ ਵੱਧ ਹੋ ਰਹੀ ਹੈ। ਇਨ੍ਹਾਂ ਇਲਾਕਿਆਂ ਵਿੱਚ ਸਿਰਫ਼ 17% ਇਹ ਮੰਨਦੇ ਹਨ ਕਿ ਇਮੀਗਰੇਸ਼ਨ ਬਹੁਤ ਘੱਟ ਹੋ ਰਹੀ ਹੈ।
ਉੱਪਰ ਦਿੱਤੇ ਅੰਕੜਿਆਂ ਦੇ ਹਿਸਾਬ ਨਾਲ ਜੇਕਰ ਇਸ ਨੂੰ ਪਾਰਟੀ ਪੱਧਰ ਤੇ ਦੇਖਿਆ ਜਾਵੇ ਤਾਂ 65% ਉਹ ਵੋਟਰ ਹਨ ਜਿਹੜੇ ਸ਼ੀਅਰ ਦੀ ਕੰਜ਼ਰਵਟਿਵ ਪਾਰਟੀ ਨੂੰ ਵੋਟ ਪਾਉਣਾ ਚਾਹੁੰਦੇ ਹਨ ਉਹ ਮੰਨਦੇ ਹਨ ਕਿ ਇਮੀਗਰੇਸ਼ਨ ਬਹੁਤ ਜ਼ਿਆਦਾ ਹੋ ਰਹੀ ਹੈ। 62% ਵੋਟਰ ਜਿਹੜੇ ਬਰਨੀਏ ਦੀ ਪਾਰਟੀ ਨੂੰ ਵੋਟ ਪਾਉਣਾ ਚਾਹੁੰਦੇ ਹਨ ਮੰਨਦੇ ਹਨ ਕਿ ਇਮੀਗਰੇਸ਼ਨ ਜ਼ਿਆਦਾ ਹੈ ਅਤੇ 47% ਵੋਟਰ ਬਲਾਕ ਕਿਊਬਕਾ ਦੇ ਹਨ।
58% ਲਿਬਰਲ ਵੋਟਰ ਇਹ ਮੰਨਦੇ ਹਨ ਇਮੀਗਰੇਸ਼ਨ ਦੀ ਗਿਣਤੀ ਠੀਕ ਹੈ, 28% ਐਨ ਡੀ ਪੀ ਦੇ ਵੋਟਰ ਇਸ ਨੂੰ ਠੀਕ ਮੰਨਦੇ ਹਨ ਅਤੇ 30% ਵੋਟਰ ਗਰੀਨ ਦੇ ਇਮੀਗਰੇਸ਼ਨ ਦੀ ਗਿਣਤੀ ਵਾਧਾ ਚਾਹੁੰਦੇ ਹਨ। ਬਹੁਤੇ ਕੈਨੇਡੀਅਨਜ਼ ਇਹ ਵੀ ਨਹੀਂ ਜਾਣਦੇ ਕਿ ਨਵੇਂ ਆ ਰਹੇ ਲੋਕ ਕਿਹੜੇ ਦੇਸ਼ਾਂ ਤੋਂ ਆ ਰਹੇ ਹਨ।
ਸਰਵੇਖਣ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਬਹੁਤੇ ਕੈਨੇਡੀਅਨ 64% ਇਹ ਸੋਚਦੇ ਹਨ ਕਿ ਬਹੁਤੀ ਇਮੀਗਰੇਸ਼ਨ ਮਿਡਲ ਈਸਟ ਅਤੇ ਨੌਰਥ ਅਫਰੀਕੀ ਦੇਸ਼ਾਂ ਤੋਂ ਹੋ ਰਹੀ ਹੈ। ਪਰ ਤੱਥ ਇਹ ਹੈ ਕਿ ਸਿਰਫ਼ 12% ਇਮੀਗਰਾਂਟ ਮਿਡਲ ਈਸਟ ਅਤੇ ਨੌਰਥ ਅਫਰੀਕਾ ਤੋਂ ਆਉਂਦੇ ਹਨ। ਬਹੁਤੇ ਇਮੀਗਰੇਸ਼ਨ ਇਸ ਸਮੇਂ ਏਸ਼ੀਆਈ ਦੇਸ਼ਾਂ ਤੋਂ ਹੋ ਰਹੀ ਹੈ ਇਨ੍ਹਾਂ ਵਿੱਚ ਈਸਟ ਏਸ਼ੀਆ ਅਤੇ ਸਾਊਥਈਸਟ ਏਸ਼ੀਆ। ਐਂਗਸ ਰੀਡ ਦੀ ਐਗਜ਼ੈਕਟਿਵ ਡਾਇਰੈਕਟਰ ਸ਼ਾਚੀ ਕਰਲ ਦਾ ਕਹਿਣਾ ਹੈ ਕਿ ਕੈਨੇਡੀਅਨ ਲੋਕਾਂ ਵਿੱਚ ਇਹ ਭਰਮ ਇਸ ਲਈ ਵੀ ਹੋ ਸਕਦਾ ਹੈ ਕਿਊਂਕਿ ਬਹੁਤੀ ਗੱਲ ਸੀਰੀਆ ਦੇ ਰਫਿਊਜੀਆਂ ਦੀ ਹੁੰਦੀ ਰਹੀ ਹੈ। ਕਿਊਂਕਿ ਸਾਡੇ ਲੀਡਰ ਇਕਨਾਮਿਕ ਇਮੀਗਰੇਸ਼ਨ ਬਾਰੇ ਗੱਲ ਹੀ ਨਹੀਂ ਕਰਦੇ, ਕਿ ਕਿਵੇਂ ਕੈਨੇਡਾ ਇਕਨਾਮਿਕ ਇਮੀਗਰੇਸ਼ਨ ਲਈ ਅੱਗੇ ਹੱਥ ਵਧਾ ਰਿਹਾ ਹੈ ਅਤੇ ਕਿਵੇਂ ਪੜ੍ਹੇ ਲਿਖੇ ਅਤੇ ਆਪਣੇ ਕੰਮ ਵਿੱਚ ਮਾਹਿਰ ਲੋਕ ਕੈਨੇਡਾ ਆ ਰਹੇ ਹਨ। 51% ਲੋਕਾਂ ਨੂੰ ਇਸ ਨਾਲ ਕੋਈ ਮਤਲਬ ਨਹੀਂ ਹੈ ਕਿ ਇਮੀਗਰਾਟ ਕਿੱਥੋਂ ਆ ਰਹੇ ਹਨ। 51% ਕੰਜ਼ਰਵਟਿਵ ਅਤੇ ਬਲਾਕ ਦੇ ਵੋਟਰ ਇਹ ਕਹਿੰਦੇ ਹਨ ਕਿ ਇਮੀਗਰੇਸ਼ਨ ਸਿਰਫ਼ ਯੂਰੋਪ ਤੋਂ ਹੀ ਹੋਣੀ ਚਾਹੀਦੀ ਹੈ। 62% ਕੈਨੇਡੀਅਨ ਇਹ ਵੀ ਮੰਨਦੇ ਹਨ ਕਿ ਕੈਨੇਡਾ ਆਉਣ ਵਾਲੇ ਇਮੀਗਰਾਂਟਸ ਨੂੰ ਘੱਟੋ ਘੱਟ ਇੱਕ ਆਫੀਸ਼ੀਅਲ ਲੈਂਗੁਏਜ ਆਉਣੀ ਚਾਹੀਦੀ ਹੈ। ਬਲਾਕ ਅਤੇ ਕੰਜ਼ਰਵਟਿਵ ਵੋਟਰਾਂ ਵਿੱਚ ਇਹ ਅੰਕੜਾ 77% ਹੈ। ਅਲਬਰਟਾ ਵਿੱਚ 68% ਅਤੇ ਕਿਊਬੈਕ ਵਿੱਚ 69% ਲੋਕ ਇਸ ਤਰ੍ਹਾਂ ਸੋਚਦੇ ਹਨ। 38% ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਇਮੀਗਰਾਂਟਸ ਨੂੰ ਕੈਨੇਡਾ ਆਕੇ ਸਿੱਖਣ ਦਾ ਮੌਕਾ ਦੇਣਾ ਚਾਹੀਦਾ ਹੈ। ਇਹ ਗਿਣਤੀ ਐਨ ਡੀ ਪੀ ਦੇ ਵੋਟਰਾਂ ਵਿੱਚ ਵਧੇਰੇ ਹੈ।
ਆਰਥਿਕ ਮਾਹਿਰਾਂ ਵਲੋਂ ਇਹ ਵੀ ਕਿਹਾ ਗਿਆ ਹੈ ਕਿ “ਨੋ ਇਮੀਗਰੇਸ਼ਨ” ਕੈਨੇਡਾ ਲਈ ਘਾਤਕ ਸਿੱਧ ਹੋਵੇਗੀ, ਜਿਸ ਬਾਰੇ ਕੋਈ ਪਾਰਟੀ ਗੱਲ ਨਹੀਂ ਕਰਦੀ। ਫਿਰ ਵੀ 43% ਕੰਜ਼ਰਵਟਿਵ ਵੋਟਰ ਇਹ ਮੰਨਦੇ ਹਨ ਕਿ ਬਿਨਾ ਇਮੀਗਰੇਸ਼ਨ ਦੇ ਕੈਨੇਡਾ ਦੀ ਆਰਥਿਕ ਤਰੱਕੀ ਖਤਰੇ ਵਿੱਚ ਪੈ ਸਕਦੀ ਹੈ। 75% ਲਿਬਰਲ ਵੀ ਇਸੇ ਤਰ੍ਹਾਂ ਸੋਚਦੇ ਹਨ। ਦੂਜੇ ਪਾਸੇ 41% ਕੰਜ਼ਰਵਟਿਵ ਵੋਟਰ ਇਹ ਵੀ ਕਹਿੰਦੇ ਹਨ ਕਿ ਨਵੇਂ ਇਮੀਗਰਾਂਟ ਬਹੁਤੀਆਂ ਕੈਨੇਡੀਅਨ ਨੌਕਰੀਆਂ ਲੈ ਰਹੇ ਹਨ। ਸਿਰਫ਼ 18% ਲਿਬਰਲ, ਐਨ ਡੀ ਪੀ ਅਤੇ ਗਰੀਨ ਦੇ ਵੋਟਰ ਇਸ ਤਰ੍ਹਾਂ ਸੋਚਦੇ ਹਨ। ਪਰ ਇਹ ਸਾਡੀਆਂ ਸਿਆਸੀ ਪਾਰਟੀਆਂ ਨੇ ਦੇਖਣਾ ਹੈ ਕਿ ਇਸ ਦੇਸ਼ ਵਿੱਚ ਇਮੀਗਰੇਸ਼ਨ ਕਿਵੇਂ ਅਤੇ ਕਿਸ ਤਰ੍ਹਾਂ ਕਰਨੀ ਹੈ। ਕਿੰਨ੍ਹਾਂ ਨੂੰ ਇੱਥੇ ਸੱਦਣਾ ਹੈ, ਕਿਊਂ ਸੱਦਣਾ ਹੈ ਇਹ ਸਾਰਾ ਸਿਆਸੀ ਪਾਰਟੀਆਂ ਤੇ ਨਿਰਭਰ ਹੈ। ਇਸ ਸਰਵੇਖਣ ਵਿੱਚ 1,522 ਕੈਨੇਡੀਅਨਜ਼ ਨੇ ਹਿੱਸਾ ਲਿਆ ਸੀ।