ਇਸਲਾਮਾਬਾਦ, 13 ਮਈ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਆਰਜ਼ੀ ਰਾਹਤ ਦਿੰਦਿਆਂ ਇਸਲਾਮਾਬਾਦ ਹਾਈ ਕੋਰਟ ਦੇ ਵਿਸ਼ੇਸ਼ ਬੈਂਚ ਨੇ ਹੁਕਮ ਦਿੱਤੇ ਕਿ 9 ਮਈ ਤੋਂ ਬਾਅਦ ਦਰਜ ਹੋਏ ਨਵੇਂ ਕੇਸਾਂ ’ਚ ਇਮਰਾਨ ਖ਼ਾਨ ਨੂੰ 17 ਮਈ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕੇਗਾ। ਜਸਟਿਸ ਮਿਆਂਗੁਲ ਹਸਨ ਔਰੰਗਜ਼ੇਬ ਅਤੇ ਜਸਟਿਸ ਐੱਸ ਰਫ਼ਾਤ ਇਮਤਿਆਜ਼ ਦੇ ਡਿਵੀਜ਼ਨ ਬੈਂਚ ਨੇ ਭ੍ਰਿਸ਼ਟਾਚਾਰ ਦੇ ਇਕ ਮਾਮਲੇ ’ਚ ਇਮਰਾਨ ਨੂੰ ਦੋ ਹਫ਼ਤਿਆਂ ਦੀ ਜ਼ਮਾਨਤ ਦੇ ਦਿੱਤੀ ਹੈ। ਵੱਖਰੀ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਅਦਾਲਤ ਨੇ 9 ਮਈ ਤੋਂ ਬਾਅਦ ਦਰਜ ਹੋਏ ਕੇਸਾਂ ’ਚ ਇਮਰਾਨ ਨੂੰ ਜ਼ਮਾਨਤ ਦੇ ਦਿੱਤੀ। ਇਹ ਜ਼ਮਾਨਤ 17 ਮਈ ਤੱਕ ਮਿਲੀ ਹੈ। ਇਮਰਾਨ ਨੇ ਆਪਣੀ ਅਰਜ਼ੀ ’ਚ ਕਿਹਾ ਸੀ ਕਿ ਉਸ ਨੂੰ ਹਿੰਸਾ ਦਾ ਪਤਾ ਨਹੀਂ ਪਰ ਉਸ ਖ਼ਿਲਾਫ਼ ਕੇਸ ਦਰਜ ਕੀਤੇ ਗਏ ਹਨ। ਜ਼ਮਾਨਤ ਦਿੰਦਿਆਂ ਜਸਟਿਸ ਔਰੰਗਜ਼ੇਬ ਨੇ ਕਿਹਾ ਕਿ ਇਮਰਾਨ ਹਿੰਸਾ ਦੀਆਂ ਸਾਰੀਆਂ ਘਟਨਾਵਾਂ ਦੀ ਨਿਖੇਧੀ ਕਰੇ। ਡਿਵੀਜ਼ਨ ਬੈਂਚ ਨੇ ਅਲ-ਕਾਦਿਰ ਟਰੱਸਟ ਭ੍ਰਿਸ਼ਟਾਚਾਰ ਕੇਸ ਦੀ ਸੁਣਵਾਈ ਕਰਦਿਆਂ ਇਮਰਾਨ ਨੂੰ ਦੋ ਹਫ਼ਤਿਆਂ ਲਈ ਗ੍ਰਿਫ਼ਤਾਰੀ ਤੋਂ ਰਾਹਤ ਦਿੱਤੀ ਹੈ। ‘ਜੀਓ ਨਿਊਜ਼’ ਮੁਤਾਬਕ ਕੇਸ ਦੀ ਸੁਣਵਾਈ ਤੋਂ ਕੁਝ ਘੰਟੇ ਪਹਿਲਾਂ ਇਮਰਾਨ ਨੇ ਚਿਤਾਵਨੀ ਦਿੱਤੀ ਸੀ ਕਿ ਜੇਕਰ ਉਸ ਨੂੰ ਮੁੜ ਗ੍ਰਿਫ਼ਤਾਰ ਕੀਤਾ ਗਿਆ ਤਾਂ ਦੇਸ਼ ਭਰ ’ਚ ਅਸ਼ਾਂਤੀ ਫੈਲ ਜਾਵੇਗੀ। ਉਨ੍ਹਾਂ ਕਿਹਾ,‘‘ਮੈਂ ਮੁੜ ਅਜਿਹੇ ਹਾਲਾਤ ਪੈਦਾ ਹੁੰਦੇ ਨਹੀਂ ਦੇਖ ਸਕਦਾ ਕਿਉਂਕਿ ਇਹ ਮੇਰਾ ਮੁਲਕ ਅਤੇ ਮੇਰੀ ਫ਼ੌਜ ਹੈ।’’ ਇਮਰਾਨ ਨੇ ਇਹ ਵੀ ਖ਼ਦਸ਼ਾ ਜਤਾਇਆ ਕਿ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਪੰਜਾਬ ਪੁਲੀਸ ਇਥੇ ਪਹੁੰਚ ਚੁੱਕੀ ਹੈ। ਸੁਰੱਖਿਆ ਕਾਰਨਾਂ ਕਰਕੇ ਕੇਸ ਦੀ ਸੁਣਵਾਈ ਕਰੀਬ ਦੋ ਘੰਟੇ ਦੇਰੀ ਨਾਲ ਸ਼ੁਰੂ ਹੋਈ। ਇਸ ਤੋਂ ਪਹਿਲਾਂ ਕੁਝ ਵਕੀਲਾਂ ਵੱਲੋਂ ਅਦਾਲਤ ਦੇ ਕਮਰੇ ’ਚ ਇਮਰਾਨ ਪੱਖੀ ਨਾਅਰੇ ਲਗਾਉਣ ਕਾਰਨ ਦੋਵੇਂ ਜੱਜ ਬਾਹਰ ਚਲੇ ਗਏ ਸਨ। ਬਾਅਦ ’ਚ ਜੱਜਾਂ ਨੇ ਐਲਾਨ ਕੀਤਾ ਕਿ ਕੇਸ ਦੀ ਸੁਣਵਾਈ ਜੁਮੇ ਦੀ ਨਮਾਜ਼ ਮਗਰੋਂ ਸ਼ੁਰੂ ਹੋਵੇਗੀ। 

 

‘ਡਾਅਨ ਨਿਊਜ਼’ ਨੇ ਦੱਸਿਆ ਕਿ ਇਮਰਾਨ ਦੇ ਵਕੀਲਾਂ ਨੇ ਚਾਰ ਅਰਜ਼ੀਆਂ ਦਾਖ਼ਲ ਕਰਦਿਆਂ ਹਾਈ ਕੋਰਟ ਨੂੰ ਅਪੀਲ ਕੀਤੀ ਸੀ ਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਮੁਖੀ ਖ਼ਿਲਾਫ਼ ਦਰਜ ਸਾਰੇ ਕੇਸਾਂ ਨੂੰ ਇਕੱਠਾ ਕੀਤਾ ਜਾਵੇ ਅਤੇ ਉਹ ਅਧਿਕਾਰੀਆਂ ਨੂੰ ਸਾਰੇ ਦਰਜ ਕੇਸਾਂ ਦੀ ਤਫ਼ਸੀਲ ਪ੍ਰਦਾਨ ਕਰਨ ਦੇ ਨਿਰਦੇਸ਼ ਦੇਣ। ਖ਼ਾਨ ਨੂੰ ਮੰਗਲਵਾਰ ਨੂੰ ਇਸਲਾਮਾਬਾਦ ਹਾਈ ਕੋਰਟ ਕੰਪਲੈਕਸ ’ਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਉਸ ’ਤੇ ਅਲ-ਕਾਦਿਰ ਟਰੱਸਟ ਰਾਹੀਂ ਕੌਮੀ ਖ਼ਜ਼ਾਨੇ ’ਚੋਂ 50 ਅਰਬ ਰੁਪਏ ਦੀ ਧੋਖਾਧੜੀ ਦਾ ਦੋਸ਼ ਹੈ। ਸਾਬਕਾ ਪ੍ਰਧਾਨ ਮੰਤਰੀ, ਉਸ ਦੀ ਪਤਨੀ ਬੁਸ਼ਰਾ ਬੀਬੀ ਅਤੇ ਪੀਟੀਆਈ ਆਗੂਆਂ ਖ਼ਿਲਾਫ਼ ਕੌਮੀ ਜਵਾਬਦੇਹੀ ਬਿਊਰੋ ਨੇ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਹੈ। ਉਨ੍ਹਾਂ ’ਤੇ ਅਲ ਕਾਦਿਰ ਯੂਨੀਵਰਸਿਟੀ ਸਥਾਪਤ ਕਰਨ ਲਈ ਮਾਊਜ਼ਾ ਬਕਰਾਲਾ, ਸੋਹਾਵਾ ’ਚ 458 ਕਨਾਲ ਜ਼ਮੀਨ ਦੇ ਰੂਪ ’ਚ ਵੀ ਗੜਬੜੀ ਕਰਨ ਦਾ ਦੋਸ਼ ਹੈ। 

ਇਸਲਾਮਾਬਾਦ ਹਾਈ ਕੋਰਟ ਨੇ ਇਮਰਾਨ ਦੀ ਗ੍ਰਿਫ਼ਤਾਰੀ ਨੂੰ ਜਾਇਜ਼ ਕਰਾਰ ਦਿੱਤਾ ਸੀ ਪਰ ਸੁਪਰੀਮ ਕੋਰਟ ਦੇ ਤਿੰਨ ਮੈਂਬਰੀ ਬੈਂਚ ਨੇ ਉਸ ਦੀ ਗ੍ਰਿਫ਼ਤਾਰੀ ਨੂੰ ਗ਼ੈਰਕਾਨੂੰਨੀ ਕਰਾਰ ਦਿੰਦਿਆਂ ਫੌਰੀ ਰਿਹਾਅ ਕਰਨ ਦੇ ਹੁਕਮ ਦਿੱਤੇ ਸਨ। ਇਮਰਾਨ ਨੇ ਕਿਹਾ ਕਿ ਉਸ ਨੂੰ ਗ੍ਰਿਫ਼ਤਾਰ ਨਹੀਂ ਸਗੋਂ ਅਗਵਾ ਕੀਤਾ ਗਿਆ ਸੀ ਅਤੇ ਜੇਲ੍ਹ ’ਚ ਡੱਕਣ ਮਗਰੋਂ ਵਾਰੰਟ ਦਿਖਾਏ ਗਏ। ‘ਇਹ ਜੰਗਲ ਦਾ ਕਾਨੂੰਨ ਹੈ। ਇੰਜ ਜਾਪਦਾ ਹੈ ਕਿ ਦੇਸ਼ ’ਚ ਮਾਰਸ਼ਲ ਲਾਅ ਲਾਗੂ ਕਰ ਦਿੱਤਾ ਗਿਆ ਹੈ।’ ਇਮਰਾਨ ਦੇ ਵਕੀਲ ਬਾਬਰ ਅਵਾਨ ਨੇ ਸਪੱਸ਼ਟ ਕੀਤਾ ਕਿ ਜਿਹੜੇ ਵਕੀਲਾਂ ਨੇ ਨਾਅਰੇਬਾਜ਼ੀ ਕੀਤੀ ਸੀ, ਉਹ ਪੀਟੀਆਈ ਨਾਲ ਸਬੰਧਤ ਨਹੀਂ ਹਨ। ਪੁਲੀਸ ਨੇ ਇਮਰਾਨ ਖ਼ਾਨ ਦੇ ਹਮਾਇਤੀਆਂ ਨੂੰ ਹਾਈ ਕੋਰਟ ਦੀ ਇਮਾਰਤ ਨੇੜੇ ਨਹੀਂ ਜਾਣ ਦਿੱਤਾ। ‘ਜੀਓ ਨਿਊਜ਼’ ਮੁਤਾਬਕ ਨਾਰਾਜ਼ ਲੋਕਾਂ ਨੇ ਇਕ ਪੁਲੀਸ ਵਾਹਨ ਨੂੰ ਅੱਗ ਲਗਾ ਦਿੱਤੀ ਜਦਕਿ ਪੁਲੀਸ ਨੇ ਉਨ੍ਹਾਂ ਨੂੰ ਖਿੰਡਾਉਣ ਲਈ ਹੰਝੂ ਗੈਸ ਦੇ ਗੋਲੇ ਛੱਡੇ।