ਲਾਹੌਰ, 17 ਮਾਰਚ

ਲਾਹੌਰ ਹਾਈ ਕੋਰਟ ਨੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਅੱਜ ਅਤਿਵਾਦ ਨਾਲ ਸਬੰਧਿਤ ਅੱਠ ਅਤੇ ਇੱਕ ਸਿਵਲ ਕੇਸਾਂ ਵਿੱਚ ਅਗਾਊਂ ਜ਼ਮਾਨਤ ਦੇ ਦਿੱਤੀ। ਇਮਰਾਨ ਨੂੰ ਦਿਨ ਵਿੱਚ ਇਹ ਦੂਜੀ ਰਾਹਤ ਮਿਲੀ ਹੈ। ਇਸ ਤੋਂ ਪਹਿਲਾਂ ਇਸਲਾਮਾਬਾਦ ਹਾਈ ਕੋਰਟ ਨੇ ਤੋਸ਼ਾਖਾਨਾ ਮਾਮਲੇ ਵਿੱਚ ਉਨ੍ਹਾਂ ਖ਼ਿਲਾਫ਼ ਗ਼ੈਰਜ਼ਮਾਨਤੀ ਗ੍ਰਿਫ਼ਤਾਰੀ ਵਾਰੰਟ 18 ਮਾਰਚ ਤੱਕ ਮੁਅੱਤਲ ਕਰ ਦਿੱਤੇ ਸਨ।

ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਮੁਖੀ 70 ਸਾਲ ਇਮਰਾਨ ਖ਼ਾਨ ਨੌਂ ਮਾਮਲਿਆਂ ਵਿੱਚ ਜ਼ਮਾਨਤ ਲੈਣ ਲਈ ਆਪਣੇ ਸਮਰਥਕਾਂ ਨਾਲ ਘਿਰੇ ਬੁਲੇਟ ਪਰੂਫ ਵਾਹਨ ਰਾਹੀਂ ਲਾਹੌਰ ਹਾਈਕੋਰਟ ਪੁੱਜੇ। ਜੀਓ ਟੀਵੀ ਮੁਤਾਬਕ ਜਸਟਿਸ ਤਾਰਿਕ ਸਲੀਮ ਸ਼ੇਖ਼ ਅਤੇ ਜਸਟਿਸ ਫਾਰੂਕ ਹੈਦਰ ਦੇ ਦੋ ਮੈਂਬਰੀ ਬੈਂਚ ਨੇ ਇਮਰਾਨ ਖ਼ਿਲਾਫ਼ ਅਤਿਵਾਦੀ ਧਾਰਾਵਾਂ ਤਹਿਤ ਦਰਜ ਕੇਸਾਂ ਵਿੱਚ ਜ਼ਮਾਨਤ ਅਰਜ਼ੀਆਂ ’ਤੇ ਸੁਣਵਾਈ ਕੀਤੀ। ਹਾਲਾਂਕਿ, ਜਸਟਿਸ ਸਲੀਮ ਨੇ ਉਨ੍ਹਾਂ ਜ਼ਮਾਨਤ ਅਰਜ਼ੀਆਂ ’ਤੇ ਵੀ ਸੁਣਵਾਈ ਕੀਤੀ, ਜੋ ਉਨ੍ਹਾਂ ਨੇ ਆਪਣੇ ਖ਼ਿਲਾਫ਼ ਦਰਜ ਸਿਵਲ ਕੇਸਾਂ ਵਿਰੁਧ ਦਾਇਰ ਕੀਤੀਆਂ ਸਨ। ਇਸਲਾਮਾਬਾਦ ਵਿੱਚ ਦਰਜ ਪੰਜ ਕੇਸਾਂ ਵਿੱਚ ਅਦਾਲਤ ਨੇ ਇਮਰਾਨ ਨੂੰ 24 ਮਾਰਚ ਤੱਕ ਅਤੇ ਲਾਹੌਰ ਦੇ ਤਿੰਨ ਮਾਮਲਿਆਂ ਵਿੱਚ 27 ਮਾਰਚ ਤੱਕ ਜ਼ਮਾਨਤ ਦੇ ਦਿੱਤੀ ਹੈ।