ਇਸਲਾਮਾਬਾਦ, 29 ਅਗਸਤ
ਇਸਲਾਮਾਬਾਦ ਹਾਈ ਕੋਰਟ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਉਸ ਅਰਜ਼ੀ ’ਤੇ ਫ਼ੈਸਲਾ ਰਾਖ਼ਵਾਂ ਰੱਖ ਲਿਆ ਹੈ ਜਿਸ ਵਿਚ ਉਨ੍ਹਾਂ ਤੋਸ਼ਾਖਾਨਾ ਭ੍ਰਿਸ਼ਟਾਚਾਰ ਕੇਸ ਵਿਚ ਆਪਣੀ ਤਿੰਨ ਸਾਲ ਕੈਦ ਦੀ ਸਜ਼ਾ ਮੁਅੱਤਲ ਕਰਨ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਹੇਠਲੀ ਅਦਾਲਤ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਮੁਖੀ ਨੂੰ 5 ਅਗਸਤ ਨੂੰ ਭ੍ਰਿਸ਼ਟਾਚਾਰ ਦੇ ਇਸ ਕੇਸ ਵਿਚ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਸੀ। ਇਮਰਾਨ ਖਾਨ ’ਤੇ ਦੋਸ਼ ਲਾਇਆ ਗਿਆ ਸੀ ਕਿ ਉਨ੍ਹਾਂ 2018-22 ਤੱਕ ਦੇ ਪ੍ਰਧਾਨ ਮੰਤਰੀ ਕਾਰਜਕਾਲ ਦੌਰਾਨ ਸਰਕਾਰੀ ਤੌਰ ਉਤੇ ਮਿਲੇ ਤੋਹਫ਼ੇ ਨਾਜਾਇਜ਼ ਢੰਗ ਨਾਲ ਵੇਚੇ ਸਨ। ਖਾਨ ’ਤੇ ਪੰਜ ਸਾਲਾਂ ਲਈ ਸਿਆਸਤ ਤੋਂ ਦੂਰ ਰਹਿਣ ਦੀ ਪਾਬੰਦੀ ਵੀ ਲਾਈ ਗਈ ਹੈ। ਇਸ ਤਰ੍ਹਾਂ ਉਹ ਅਗਲੀਆਂ ਚੋਣਾਂ ਨਹੀਂ ਲੜ ਸਕਦੇ। ਖਾਨ ਦੇ ਵਕੀਲ ਨੇ ਦਲੀਲ ਦਿੱਤੀ ਹੈ ਕਿ ਫ਼ੈਸਲਾ ਕਾਹਲੀ ਵਿਚ ਸੁਣਾਇਆ ਗਿਆ ਤੇ ਇਸ ਵਿਚ ਕਮੀਆਂ ਹਨ। ਇਸੇ ਦੌਰਾਨ ਇਕ ਮੀਡੀਆ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਇਮਰਾਨ ਅਟਕ ਜੇਲ੍ਹ ਵਿਚ ਮਿਲ ਰਹੀਆਂ ਸਹੂਲਤਾਂ ਤੋਂ ਹੁਣ ਸੰਤੁਸ਼ਟ ਹਨ। ਉਨ੍ਹਾਂ ਨੂੰ ਕਈ ਨਵੀਆਂ ਸਹੂਲਤਾਂ ਦਿੱਤੀਆਂ ਗਈਆਂ ਹਨ। ਇਮਰਾਨ ਨੇ ਇਕ ਸੀਨੀਅਰ ਪੁਲੀਸ ਅਧਿਕਾਰੀ ਕੋਲ ਇਸ ਬਾਰੇ ਤਸੱਲੀ ਪ੍ਰਗਟ ਕੀਤੀ ਹੈ।