ਇਸਲਾਮਾਬਾਦ: ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੂੰ ਉਨ੍ਹਾਂ ਦੇ ਇਸਲਾਮਾਬਾਦ ਸਥਿਤ ਘਰੋਂ ਗ੍ਰਿਫ਼ਤਾਰ ਕਰ ਕੇ ਇੱਥੇ ਫੈਡਰਲ ਇਨਵੈਸਟੀਗੇਟਿੰਗ ਏਜੰਸੀ (ਐਫਆਈਏ) ਦੇ ਹੈੱਡਕੁਆਰਟਰ ਲਿਜਾਇਆ ਗਿਆ। ਜ਼ਿਕਰਯੋਗ ਹੈ ਕਿ ਕੁਰੈਸ਼ੀ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਕਰੀਬੀ ਹਨ। ਕੁਰੈਸ਼ੀ (67) ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਉਪ ਚੇਅਰਮੈਨ ਵੀ ਹਨ। ਕੁਰੈਸ਼ੀ ’ਤੇ ਲਾਏ ਗਏ ਦੋਸ਼ਾਂ ਬਾਰੇ ਅਜੇ ਕੁਝ ਸਪੱਸ਼ਟ ਨਹੀਂ ਹੈ ਪਰ ਜਾਂਚ ਏਜੰਸੀ ਵਰਤਮਾਨ ’ਚ ਜੇਲ੍ਹ ਵਿਚ ਬੰਦ ਪੀਟੀਆਈ ਮੁਖੀ ਇਮਰਾਨ ਤੋਂ ਇਕ ਡਿਪਲੋਮੈਟਿਕ ਕੇਬਲ ਗੁੰਮ ਹੋਣ ਸਬੰਧੀ ਪੁੱਛ-ਗਿੱਛ ਕਰ ਰਹੀ ਹੈ। ਇਮਰਾਨ ਲੰਮੇ ਸਮੇਂ ਤੋਂ ਇਹ ਕਹਿੰਦੇ ਆ ਰਹੇ ਹਨ ਕਿ ਗੁੰਮ ਹੋਈ ਡਿਪਲੋਮੈਟਿਕ ਕੇਬਲ ਇਸ ਗੱਲ ਦਾ ਸਬੂਤ ਸੀ ਕਿ ਪਿਛਲੇ ਸਾਲ ਅਪਰੈਲ ਵਿਚ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਲਾਹੁਣ ਦੀ ਸਾਜ਼ਿਸ਼ ਘੜੀ ਗਈ ਸੀ। ਪੀਟੀਆਈ ਨੇ ਕੁਰੈਸ਼ੀ ਦੀ ਗ੍ਰਿਫ਼ਤਾਰੀ ਨੂੰ ਗੈਰਕਾਨੂੰਨੀ ਕਰਾਰ ਦਿੱਤਾ ਹੈ।