ਇਸਲਾਮਾਬਾਦ: ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਸਮਰਥਕਾਂ ਵੱਲੋਂ ਪਿਛਲੇ ਹਫ਼ਤੇ ਕੀਤੇ ਗਏ ਪ੍ਰਦਰਸ਼ਨਾਂ ਕਾਰਨ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਖ਼ਿਲਾਫ਼ ਇਸਲਾਮਾਬਾਦ ’ਚ 14 ਕੇਸ ਦਰਜ ਕੀਤੇ ਗਏ ਹਨ। ਪਾਕਿਸਤਾਨ ਦੀ ਇੱਕ ਅਦਾਲਤ ’ਚ ਦਾਖਲ ਰਿਪੋਰਟ ਮੁਤਾਬਕ ਇਸ ਨਾਲ ਕੌਮੀ ਰਾਜਧਾਨੀ ’ਚ ਉਨ੍ਹਾਂ ਖ਼ਿਲਾਫ਼ ਦਰਜ ਕੇਸਾਂ ਦੀ ਕੁੱਲ ਗਿਣਤੀ ਵਧ ਕੇ 76 ਹੋ ਗਈ ਹੈ। ਇਹ ਮੁਜ਼ਾਹਰੇ ਇਮਰਾਨ ਖ਼ਾਨ ਦੀ ਰਿਹਾਈ ਦੀ ਮੰਗ ਲਈ ਕੀਤੇ ਗਏ ਸਨ। ਇਸਲਾਮਾਬਾਦ ਕੈਪੀਟਲ ਟੈਰੇਟਰੀ (ਆਈਸੀਟੀ) ਪੁਲੀਸ ਨੇ ਰਿਪੋਰਟ ’ਚ ਇਹ ਵੇਰਵੇ ਸਾਂਝੇ ਕੀਤੇ ਹਨ। ਰਿਪੋਰਟ ’ਚ ਕਿਹਾ ਗਿਆ ਹੈ ਕਿ ਡੀ ਚੌਕ ’ਚ 24 ਨਵੰਬਰ ਦੇ ਮੁਜ਼ਾਹਰੇ ਮਗਰੋਂ ਇਮਰਾਨ ਖ਼ਾਨ ਖ਼ਿਲਾਫ਼ 14 ਕੇਸ ਦਰਜ ਕੀਤੇ ਗਏ ਜਿਸ ਨਾਲ ਸੰਘੀ ਰਾਜਧਾਨੀ ’ਚ ਉਸ ਵਿਰੁੱਧ ਦਰਜ ਕੇਸਾਂ ਦੀ ਗਿਣਤੀ 62 ਤੋਂ ਵਧ ਕੇ 76 ਹੋ ਗਈ ਹੈ।














