ਰੋਮ:ਫਰੈਂਚ ਓਪਨ ਟੈਨਿਸ ਟੂਰਨਾਮੈਂਟ ਸ਼ੁਰੂ ਹੋਣ ਤੋਂ ਸਿਰਫ਼ 10 ਦਿਨ ਪਹਿਲਾਂ ਰਾਫੇਲ ਨਡਾਲ ਮੁੜ ਸੱਟ ਨਾਲ ਜੂਝ ਰਿਹਾ ਹੈ। ਨਡਾਲ ਇਟੈਲੀਅਨ ਓਪਨ ਦੇ ਬੀਤੇ ਦਿਨ ਹੋਏ ਮੁਕਾਬਲੇ ’ਚ ਡੈਨਿਸ ਸ਼ਾਪੋਵਾਲੋਵ ਖ਼ਿਲਾਫ਼ ਤੀਜੇ ਦੌਰ ’ਚ ਪੈਰ ਦੇ ਦਰਦ ਤੋਂ ਪ੍ਰੇਸ਼ਾਨ ਰਿਹਾ ਜਿਸ ਕਾਰਨ ਉਸ ਨੂੰ 1-6, 7-5, 6-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਮੈਚ ਦੌਰਾਨ 35 ਸਾਲਾ ਨਡਾਲ ਨੂੰ ਕੁਝ ਮੌਕਿਆਂ ’ਤੇ ਦਰਦ ਕਾਰਨ ਲੜਖੜਾਉਂਦੇ ਹੋਏ ਵੀ ਦੇਖਿਆ ਗਿਆ। ਖੱਬੇ ਪੈਰ ਦੀ ਸੱਟ ਕਾਰਨ ਨਡਾਲ ਪਿਛਲੇ ਸਾਲ ਵੀ ਕਈ ਟੂਰਨਾਮੈਂਟ ਨਹੀਂ ਖੇਡ ਸਕਿਆ ਸੀ। ਨਡਾਲ ਨੇ ਕਿਹਾ, ‘ਮੇਰਾ ਪੈਰ ਮੁੜ ਜ਼ਖ਼ਮੀ ਹੋ ਗਿਆ ਹੈ। ਬਹੁਤ ਦਰਦ ਹੋ ਰਿਹਾ ਹੈ। ਮੈਂ ਅਜਿਹਾ ਖਿਡਾਰੀ ਹਾਂ ਜੋ ਸੱਟਾਂ ਨਾਲ ਜ਼ਿੰਦਗੀ ਜਿਊਂ ਰਿਹਾ ਹੈ। ਮੇਰੇ ਲਈ ਇਹ ਨਵਾਂ ਨਹੀਂ ਹੈ।’ ਇਸ ਤੋਂ ਪਹਿਲਾਂ ਦੁਨੀਆ ਦੇ ਨੰਬਰ ਇੱਕ ਖਿਡਾਰੀ ਨੋਵਾਕ ਜੋਕੋਵਿਚ ਨੇ ਸਟੇਨ ਵਾਵਰਿੰਕਾ ਨੂੰ 6-2, 6-2 ਨਾਲ ਹਰਾਇਆ।