ਚੰਡੀਗੜ੍ਹ, ਇਜ਼ਰਾਈਲ ਦੇ ਪੰਜਾਬੀ ਭਾਈਚਾਰੇ ਦੇ ਵਫ਼ਦ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਕੇ ਧਾਰਮਿਕ ਸਮਾਗਮ ਕਰਵਾਉਣ ਲਈ ਸਥਾਨਕ ਅਥਾਰਿਟੀਆਂ ਕੋਲੋਂ ਪ੍ਰਵਾਨਗੀ ਲੈਣ ਦੇ ਨਾਲ ਗੁਰਦੁਆਰੇ ਦੀ ਇਮਾਰਤ ਲਈ ਜ਼ਮੀਨ ਹਾਸਲ ਕਰਨ ਵਾਸਤੇ ਮਦਦ ਮੰਗੀ ਹੈ।
ਮੁੱਖ ਮੰਤਰੀ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਉਹ ਇਸ ਬਾਰੇ ਇਜ਼ਰਾਈਲ ਵਿਚਲੇ ਭਾਰਤੀ ਸਫ਼ੀਰ ਪਵਨ ਕਪੂਰ ਨੂੰ ਆਖਣਗੇ। ਕੈਪਟਨ ਨੇ ਵਫ਼ਦ ਨੂੰ ਵੀ ਰਾਜਦੂਤ ਨਾਲ ਮਿਲਣ ਦੀ ਸਲਾਹ ਦਿੱਤੀ। ਮੁੱਖ ਮੰਤਰੀ ਨੇ ਵਫ਼ਦ ਨੂੰ ਕਿਹਾ ਕਿ ਉਨ੍ਹਾਂ ਨੂੰ ਭਾਰਤੀ ਸਫ਼ਾਰਤਖਾਨੇ ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਇਨ੍ਹਾਂ ਮੁੱਦਿਆਂ ’ਤੇ ਸਥਾਨਕ ਪ੍ਰਸ਼ਾਸਨ ਦੇ ਬਹੁਤ ਸਖ਼ਤ ਦਿਸ਼ਾ-ਨਿਰਦੇਸ਼ ਹਨ ਤੇ ਇਸ ਬਾਰੇ ਦੂਤਾਵਾਸ ਦੇਖੇਗਾ ਕਿ ਕੀ ਕੀਤਾ ਜਾ ਸਕਦਾ ਹੈ। ਵਫ਼ਦ ਨੇ ਗ਼ੈਰਕਾਨੂੰਨੀ ਏਜੰਟਾਂ ਵੱਲੋਂ ਇਜ਼ਰਾਈਲ ਦੌਰੇ ਲਈ ਵੀਜ਼ਾ ਮੰਗਣ ਵਾਲੇ ਪੰਜਾਬੀ ਨੌਜਵਾਨਾਂ ਨਾਲ ਠੱਗੀਆਂ ਮਾਰਨ ਦਾ ਮਾਮਲਾ ਵੀ ਉਠਾਇਆ। ਇਸ ਸਬੰਧੀ ਕੈਪਟਨ ਨੇ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਨੇ ਅਜਿਹੇ ਏਜੰਟਾਂ ਵਿਰੁੱਧ ਪਹਿਲਾਂ ਹੀ ਕਾਰਵਾਈ ਵਿੱਢੀ ਹੋਈ ਹੈ ਅਤੇ ਸੂਬੇ ਵਿੱਚ ਇਸ ਦੇ ਪਾਸਾਰ ਨੂੰ ਠੱਲ੍ਹ ਪਾਉਣ ਲਈ ਸਖ਼ਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।
ਇਸ ਮੌਕੇ ਪੰਜਾਬੀ ਭਾਈਚਾਰੇ ਦੇ ਮੈਂਬਰਾਂ ਨੇ ਪਹਿਲੇ ਵਿਸ਼ਵ ਯੁੱਧ ਵਿੱਚ ਭਾਰਤੀ ਸੈਨਿਕਾਂ ਖ਼ਾਸ ਕਰਕੇ ਸਿੱਖਾਂ ਦੇ ਯੋਗਦਾਨ ਬਾਰੇ ਗੱਲਬਾਤ ਕੀਤੀ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਸੈਨਿਕਾਂ ਨੇ ਦੁਸ਼ਮਣ ਦੇ ਹਮਲਿਆਂ ਤੋਂ ਇਜ਼ਰਾਈਲ ਦੀ ਰਾਖੀ ਕਰਦਿਆਂ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਸਨ। ਇਜ਼ਰਾਈਲ ਫੇਰੀ ਦੇ ਆਖ਼ਰੀ ਦਿਨ ਅੱਜ ਮੁੱਖ ਮੰਤਰੀ ਨੇ ਹੌਫ ਹਾਸ਼ਰੋਨ ਵਿਚ ਅਫਿਕਿਮ ਡੇਅਰੀ ਫਾਰਮ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਡੇਅਰੀ ਫਾਰਮਿੰਗ ਦੀ ਗੁਣਵੱਤਾ ਵਧਾਉਣ ਲਈ ਵਰਤੀਆਂ ਜਾ ਰਹੀਆਂ ਤਕਨੀਕਾਂ ਬਾਰੇ ਜਾਣਕਾਰੀ ਹਾਸਲ ਕੀਤੀ।
ਉਨ੍ਹਾਂ ਨੇ ਅਧਿਕਾਰੀਆਂ ਨਾਲ ਚਾਰੇ ਦੀਆਂ ਵੱਖ-ਵੱਖ ਕਿਸਮਾਂ ਦੇ ਨਾਲ-ਨਾਲ ਫਾਰਮ ਦੇ ਪਸ਼ੂਆਂ ਦੀ ਸੰਭਾਲ ਤੇ ਸਾਫ਼-ਸਫ਼ਾਈ ਬਾਰੇ ਵੀ ਵਿਚਾਰ-ਚਰਚਾ ਕੀਤੀ। ਇਜ਼ਰਾਈਲ ਦੇ ਅਧਿਕਾਰੀਆਂ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਸਫ਼ਾਈ, ਸੰਭਾਲ ਅਤੇ ਪੌਸ਼ਟਿਕ ਖ਼ੁਰਾਕ ਦੇ ਨਾਲ-ਨਾਲ ਪੀਣ ਵਾਲੇ ਸਾਫ਼ ਪਾਣੀ ਸਦਕਾ ਦੁੱਧ ਉਤਪਾਦਨ ਵੱਧ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਹਰੇਕ ਗਾਂ ਨੂੰ ਪ੍ਰਤੀ ਦਿਨ 120 ਲਿਟਰ ਪਾਣੀ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਸੂਰਜੀ ਊਰਜਾ ਨਾਲ ਚੱਲਣ ਵਾਲੇ ਪੱਖਿਆਂ ਦੇ ਨਾਲ-ਨਾਲ ਫੁਹਾਰਾਨੁਮਾ ਪੱਖੇ ਵੀ ਪਸ਼ੂਆਂ ਲਈ ਵਰਤੇ ਜਾਂਦੇ ਹਨ।