ਨਵੀਂ ਦਿੱਲੀ, 10 ਜਨਵਰੀ
ਭਾਰਤੀ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਖੁਲਾਸਾ ਕੀਤਾ ਕਿ ਭਾਰਤ ਦਾ ਦੋ ਵਾਰ ਦਾ ਵਿਸ਼ਵ ਜੇਤੂ ਕਪਤਾਨ ਮਹਿੰਦਰ ਸਿੰਘ ਧੋਨੀ ਜਲਦੀ ਹੀ ਇਕ ਰੋਜ਼ਾ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਸਕਦਾ ਹੈ। ਇਸ ਦੌਰਾਨ ਸ਼ਾਸਤਰੀ ਨੇ ਹੋਰ ਵਿਸ਼ਿਆਂ ’ਤੇ ਗੱਲਬਾਤ ਦੌਰਾਨ ਆਈਸੀਸੀ ਦੇ ਚਾਰ ਰੋਜ਼ਾ ਟੈਸਟ ਮੈਚ ਦੇ ਪ੍ਰਸਤਾਵ ਨੂੰ ‘ਬਕਵਾਸ’ ਕਰਾਰ ਦਿੱਤਾ।
ਸ਼ਾਸਤਰੀ ਨੇ ‘ਨਿਊਜ਼18 ਇੰਡੀਆ’ ਨਾਲ ਗੱਲਬਾਤ ਦੌਰਾਨ ਕਿਹਾ, ‘‘ਮੇਰੀ ਧੋਨੀ ਨਾਲ ਗੱਲਬਾਤ ਹੋਈ ਅਤੇ ਉਹ ਸਾਡੀ ਆਪਸ ਦੀ ਗੱਲਬਾਤ ਹੈ। ਉਸ ਨੇ ਟੈਸਟ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਹੈ ਅਤੇ ਜਲਦੀ ਹੀ ਇਕ ਰੋਜ਼ਾ ਕ੍ਰਿਕਟ ਤੋਂ ਵੀ ਸੰਨਿਆਸ ਲੈ ਸਕਦਾ ਹੈ। ਪੂਰੀ ਸੰਭਾਵਨਾ ਹੈ ਕਿ ਉਹ ਇਕ ਰੋਜ਼ਾ ਕ੍ਰਿਕਟ ਨੂੰ ਅਲਵਿਦਾ ਕਹੇਗਾ। ਲੋਕਾਂ ਨੂੰ ਇਸ ਗੱਲ ਦਾ ਸਨਮਾਨ ਕਰਨਾ ਚਾਹੀਦਾ ਹੈ ਕਿ ਉਹ ਲੰਬੇ ਸਮੇਂ ਤੱਕ ਖੇਡ ਦੇ ਸਾਰੇ ਰੂਪਾਂ ’ਚ ਖੇਡਦਾ ਰਿਹਾ ਹੈ। ਹੁਣ ਉਹ ਜਿਸ ਉਮਰ ਦਾ ਹੈ ਉਸ ਵਿੱਚ ਹੋ ਸਕਦਾ ਹੈ ਕਿ ਉਹ ਸਿਰਫ਼ ਟੀ20 ਰੂਪ ’ਚ ਖੇਡਣਾ ਚਾਹੇ, ਜਿਸ ਦਾ ਮਤਲਬ ਹੈ ਕਿ ਉਹ ਮੁੜ ਤੋਂ ਖੇਡਣਾ ਸ਼ੁਰੂ ਕਰੇਗਾ। ਉਹ ਆਈਪੀਐੱਲ ’ਚ ਖੇਡੇਗਾ ਅਤੇ ਦੇਖਦੇ ਹਾਂ ਕਿ ਉਸ ਦਾ ਸ਼ਰੀਰ ਕਿਵੇਂ ਪ੍ਰਤੀਕਿਰਿਆ ਕਰਦਾ ਹੈ।’’
ਕੋਚ ਨੇ ਦੋਹਰਾਇਆ ਕਿ 38 ਸਾਲਾ ਧੋਨੀ ਜੇਕਰ ਇੰਡੀਅਨ ਪ੍ਰੀਮੀਅਰ ਲੀਗ ’ਚ ਚੰਗਾ ਪ੍ਰਦਰਸ਼ਨ ਕਰਦਾ ਹੈ ਤਾਂ ਉਹ ਟੀ20 ਵਿਸ਼ਵ ਕੱਪ ਲਈ ਚੋਣ ਦਾ ਦਾਅਵੇਦਾਰ ਹੋ ਸਕਦਾ ਹੈ। ਉਸ ਨੇ ਕਿਹਾ, ‘‘ਉਹ ਨਿਸ਼ਚਿਤ ਤੌਰ ’ਤੇ ਆਈਪੀਐੱਲ ’ਚ ਖੇਡੇਗਾ। ਮੈਂ ਧੋਨੀ ਬਾਰੇ ਇਕ ਗੱਲ ਜਾਣਦਾ ਹਾਂ ਕਿ ਉਹ ਕਦੇ ਟੀਮ ’ਤੇ ਖ਼ੁਦ ਨੂੰ ਥੋਪਦਾ ਨਹੀਂ ਹੈ ਪਰ ਜੇਕਰ ਆਈਪੀਐੱਲ ’ਚ ਉਹ ਬਿਹਤਰੀਨ ਪ੍ਰਦਰਸ਼ਨ ਕਰਦਾ ਹੈ ਤਾਂ ਫਿਰ (ਉਹ ਦਾਅਵੇਦਾਰ ਹੋਵੇਗਾ)।’’
ਸ਼ਾਸਤਰੀ ਨੇ ਕਿਹਾ ਕਿ ਟੀ20 ਵਿਸ਼ਵ ਕੱਪ ਲਈ ਟੀਮ ਦੀ ਚੋਣ ਕਰਦੇ ਸਮੇਂ ਫਾਰਮ ਤੇ ਤਜ਼ਰਬੇ ਨੂੰ ਤਵੱਜੋ ਦਿੱਤੀ ਜਾਵੇਗੀ। ਉਨ੍ਹਾਂ ਕਿਹਾ, ‘‘ਸਾਨੂੰ ਵਿਅਕਤੀ ਦੇ ਤਜ਼ਰਬੇ ਤੇ ਫਾਰਮ ’ਤੇ ਵਿਚਾਰ ਕਰਨਾ ਹੋਵੇਗਾ। ਉਸ ਨੂੰ ਪੰਜਵੇਂ-ਛੇਵੇਂ ਨੰਬਰ ’ਤੇ ਬੱਲੇਬਾਜ਼ੀ ਕਰਨੀ ਹੋਵੇਗੀ। ਜੇਕਰ ਧੋਨੀ ਆਈਪੀਐੱਲ ’ਚ ਚੰਗਾ ਖੇਡਦਾ ਹੈ ਤਾਂ ਵੁਹ ਖ਼ੁਦ ਨੂੰ ਦਾਅਵੇਦਾਰਾਂ ’ਚ ਸ਼ਾਮਲ ਕਰ ਦੇਵੇਗਾ।’’ ਇਸ ਦੌਰਾਨ ਟੈਸਟ ਮੈਚ ਚਾਰ ਦਿਨਾਂ ਦਾ ਕਰਨ ਸਬੰਧੀ ਪ੍ਰਸਤਾਵ ’ਤੇ ਸ਼ਾਸਤਰੀ ਨੇ ਸਚਿਨ ਤੇਂਦੁਲਕਰ ਤੇ ਰਿੱਕੀ ਪੌਂਟਿੰਗ ਨਾਲ ਸਹਿਮਤੀ ਜਤਾਉਂਦਿਆਂ ਇਸ ਦਾ ਵਿਰੋਧ ਕੀਤਾ ਅਤੇ ਇਸ ਨੂੰ ‘ਬਕਵਾਸ’ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਫਿਰ ਸੀਮਿਤ ਓਵਰਾਂ ਦਾ ਟੈਸਟ ਮੈਚ ਹੋ ਸਕਦਾ ਹੈ। ਪੰਜ ਰੋਜ਼ਾ ਟੈਸਟ ਮੈਚ ’ਚ ਬਦਲਾਅ ਦੀ ਕੋਈ ਲੋੜ ਨਹੀਂ ਹੈ।













