ਲੰਬੀ, ਕਾਂਗਰਸ ਪਾਰਟੀ ਨੇ ਅੱਜ ਲੋਕ ਸਭਾ ਚੋਣਾਂ ਦਾ ਬਾਦਲਾਂ ਦੇ ਗੜ੍ਹ ਲੰਬੀ ਤੋਂ ਬਿਗਲ ਵਜਾ ਦਿੱਤਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਰੈਲੀ ’ਚ ਸੂਬੇ ਦੀਆਂ 13 ਦੀਆਂ 13 ਲੋਕ ਸਭਾ ਸੀਟਾਂ ਕਾਂਗਰਸ ਨੂੰ ਜਿਤਾ ਕੇ ਪਾਰਟੀ ਨੂੰ ਕੌਮੀ ਪੱਧਰ ’ਤੇ ਦੇਸ਼ ਸੇਵਾ ਦਾ ਮੌਕਾ ਦੇਣ ਦਾ ਸੱਦਾ ਦਿੱਤਾ। ਰਿਕਾਰਡ ਤੋੜ ਇਕੱਠ ਵਾਲੀ ਰੈਲੀ ’ਚ ਭਾਵੇਂ ਨਵਾਂ ਕੋਈ ਐਲਾਨ ਨਹੀਂ ਹੋਇਆ ਪਰ ਕੈਪਟਨ ਨੇ ਨਸ਼ਿਆਂ, ਬੇਰੁਜ਼ਗਾਰੀ, ਕਿਸਾਨੀ ਕਰਜ਼ਿਆਂ ਸਬੰਧੀ ਆਪਣੀ ਸਰਕਾਰ ਦੀ ਡੇਢ ਸਾਲਾ ਕਾਰਗੁਜ਼ਾਰੀ ਸਬੰਧੀ ਰਿਪੋਰਟ ਕਾਰਡ ਜ਼ਰੂਰ ਪੇਸ਼ ਕੀਤਾ। ਰੈਲੀ ’ਚ ਕਾਂਗਰਸ ਲੀਡਰਸ਼ਿਪ ਨੇ ਬਾਦਲਾਂ ਉਪਰ ਪੰਥਕ ਅਤੇ ਸਿਆਸੀ ਮਸਲਿਆਂ ’ਤੇ ਤਿੱਖੇ ਸਿਆਸੀ ਹਮਲੇ ਕੀਤੇ। ਕੈਪਟਨ ਨੇ ਲੋਕਸਭਾ ਚੋਣਾਂ ਲਈ ਪੰਜਾਬ ਕਾਂਗਰਸ ਦਾ ਮਿਸ਼ਨ-13 ਪੋਸਟਰ ਵੀ ਜਾਰੀ ਕੀਤਾ।
ਜ਼ਿਕਰਯੋਗ ਹੈ ਕਿ ਰੈਲੀ ਵਿੱਚੋਂ ਕਾਂਗਰਸੀ ਆਗੂ ਮਹੇਸ਼ਇੰਦਰ ਸਿੰੰਘ ਬਾਦਲ ਦੀ ਗੈਰ-ਹਾਜ਼ਰੀ ਵਰਕਰਾਂ ਅਤੇ ਸਿਆਸੀ ਹਲਕਿਆਂ ਨੂੰ ਰੜਕਦੀ ਰਹੀ। ਮਹੇਸ਼ਇੰਦਰ ਸਿੰਘ ਬਾਦਲ ਲੰਬੀ ਹਲਕੇ ’ਚ ਤਿੰਨ ਵਾਰ ਪ੍ਰਕਾਸ਼ ਸਿੰਘ ਬਾਦਲ ਨੂੰ ਫਸਵੀਂ ਟੱਕਰ ਦੇ ਚੁੱਕੇ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਬਰਗਾੜੀ ਦੇ ਬੇਅਦਬੀ ਮਾਮਲੇ ਅਤੇ ਇਸ ਤੋਂ ਬਾਅਦ ਵਾਪਰੀਆਂ ਪੁਲੀਸ ਗੋਲੀਬਾਰੀ ਦੀਆਂ ਘਟਨਾਵਾਂ ਲਈ ਬਾਦਲਾਂ ਨੂੰ ਕੋਰਾ ਝੂਠ ਬੋਲਣ ਦਾ ਦੋਸ਼ੀ ਠਹਿਰਾਇਆ। ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਦਾਅਵਾ ਕਰਦੇ ਹਨ ਕਿ ਉਹ ਇਸ ਸਮੁੱਚੇ ਘਟਨਾਕ੍ਰਮ ਦੌਰਾਨ ਸੁੱਤੇ ਹੋਏ ਸਨ ਜਦਕਿ ਤਤਕਾਲੀ ਡੀਜੀਪੀ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਅੱਗੇ ਬਾਦਲ ਦੇ ਇਸ ਝੂਠ ਦਾ ਪਰਦਾਫਾਸ਼ ਕਰ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਡੀਜੀਪੀ ਨੇ ਉਸ ਰਾਤ 2 ਵਜੇ ਬਾਦਲ ਨਾਲ ਗੱਲਬਾਤ ਕੀਤੀ ਅਤੇ ਉਸ ਤੋਂ ਬਾਅਦ ਆਈਜੀ ਨਾਲ 22 ਵਾਰ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਬਾਦਲ ਪਿਉ-ਪੁੱਤ ਨੂੰ ਨਸ਼ਿਆਂ ਨਾਲ ਬਰਬਾਦ ਹੋ ਰਹੀ ਨੌਜਵਾਨ ਪੀੜ੍ਹੀ ਬਾਰੇ ਕੁਝ ਵੀ ਪਤਾ ਨਾ ਹੋਣਾ ਸ਼ਰਮਨਾਕ ਗੱਲ ਹੈ। ਅਕਾਲੀਆਂ ਨੂੰ ਰਗੜੇ ਲਾਉਂਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ 18 ਮਹੀਨਿਆਂ ਦੌਰਾਨ ਕਾਂਗਰਸ ਸਰਕਾਰ ਵੱਲੋਂ ਉਠਾਏ ਗਏ ਕਦਮਾਂ ਦੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਅਕਾਲੀਆਂ ਦਾ 10 ਸਾਲ ਦਾ ਸ਼ਾਸਨ ਕੁਸ਼ਾਸਨ ਸੀ। ਉਨ੍ਹਾਂ ਬਾਦਲ ਵੱਲੋਂ ਬੇਅਦਬੀ ਤੇ ਗੋਲੀਬਾਰੀ ਦੇ ਮਾਮਲਿਆਂ ਦੀ ਜਾਂਚ ਲਈ ਬਣਾਏ ਜ਼ੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਲਾਗੂ ਨਾ ਕਰਨ ’ਤੇ ਆੜੇ ਹੱਥੀਂ ਲਿਆ। ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਉਹ ਬਾਦਲਾਂ ਜਾਂ ਕਿਸੇ ਹੋਰ ਖ਼ਿਲਾਫ ਸਿਆਸੀ ਬਦਲਾਖੋਰੀ ਵਿੱਚ ਸ਼ਾਮਲ ਨਹੀਂ ਹੋਣਗੇ ਪਰ ਉਨ੍ਹਾਂ ਐਲਾਨ ਕੀਤਾ ਕਿ ਵਿਸ਼ੇਸ਼ ਜਾਂਚ ਟੀਮ ਦੀ ਪੜਤਾਲ ਵਿੱਚ ਜੋ ਕੋਈ ਵੀ ਦੋਸ਼ੀ ਪਾਇਆ ਗਿਆ, ਉਸ ਨੂੰ ਕਾਨੂੰਨ ਮੁਤਾਬਕ ਸਜ਼ਾ ਮਿਲੇਗੀ। ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਕਰਜ਼ੇ ’ਚ ਡੁੱਬੇ ਕਿਸਾਨਾਂ ਦੀ ਸਾਰ ਨਾ ਲੈਣ ’ਤੇ ਸਖ਼ਤ ਆਲੋਚਨਾ ਕਰਦਿਆਂ ਅਮਰਿੰਦਰ ਸਿੰਘ ਨੇ ਕਿਹਾ ਕਿ 10.25 ਲੱਖ ਕਿਸਾਨਾਂ ਦਾ ਦੋ-ਦੋ ਲੱਖ ਰੁਪਏ ਤੱਕ ਦਾ ਫਸਲੀ ਕਰਜ਼ਾ ਮੁਆਫ਼ ਕਰਨ ਦੇ ਨਾਲ 337214 ਕਿਸਾਨਾਂ ਨੂੰ 2179 ਕਰੋੜ ਰੁਪਏ ਦੀ ਕਰਜ਼ਾ ਰਾਹਤ ਦਿੱਤੀ ਜਾ ਚੁੱਕੀ ਹੈ। ਇਸ ਸਾਲ ਦੇ ਅੰਤ ਤੱਕ ਸਮੁੱਚੇ 10.5 ਲੱਖ ਸੀਮਾਂਤ ਅਤੇ ਛੋਟੇ ਕਿਸਾਨਾਂ ਨੂੰ ਕਰਜ਼ਾ ਮੁਆਫੀ ਸਕੀਮ ਦਾ ਲਾਭ ਦੇ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਲ 2017 ਵਿੱਚ ਪਿਛਲੇ ਸੀਜ਼ਨ ਨਾਲੋਂ ਅਨਾਜ ਦੀ ਖ਼ਰੀਦ 36 ਫੀਸਦੀ ਵੱਧ ਹੋਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ 18 ਮਹੀਨਿਆਂ ਦੌਰਾਨ 3,93,320 ਨੌਜਵਾਨਾਂ ਨੂੰ ਨੌਕਰੀਆਂ/ਸਵੈ-ਰੋਜ਼ਗਾਰ ਦੇ ਮੌਕੇ ਦਿੱਤੇ ਗਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀਆਂ ਨੇ ਆਪਣੇ ਨਿੱਜੀ ਆਰਥਿਕ ਏਜੰਡੇ ਦੀ ਕੀਮਤ ’ਤੇ ਟਰਾਂਸਪੋਰਟ, ਮੀਡੀਆ, ਰੇਤਾ ਅਤੇ ਬੱਜਰੀ ਦੇ ਕਾਰੋਬਾਰ ਦੀ ਅਜਾਰੇਦਾਰੀ ਬਣਾ ਕੇ ਸੂਬੇ ਦੀ ਆਰਥਿਕਤਾ ਤਬਾਹ ਕਰ ਦਿੱਤੀ। ਉਨ੍ਹਾਂ ‘ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ’, ਪੰਜ ਲੱਖ ਰੁਪਏ ਦੀ ਸਿਹਤ ਬੀਮਾ ਸਕੀਮ ਅਤੇ 1500 ਕਿਲੋਮੀਟਰ ਲਿੰਕ ਸੜਕਾਂ ਦੀ ਮੁਰੰਮਤ ਦਾ ਐਲਾਨ ਵੀ ਕੀਤਾ।
ਰੈਲੀ ਨੂੰ ਸੰਬੋਧਨ ਕਰਦਿਆਂ ਜੰਗਲਾਤ ਤੇ ਸਮਾਜ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਦੋਸ਼ ਲਾਇਆ ਕਿ ਬਾਦਲ ਪਰਿਵਾਰ ਨੇ ਪਿਛਲੇ 10 ਸਾਲਾਂ ਵਿੱਚ ਪੰਜਾਬ ਨੂੰ ਲੁੱਟਿਆ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚੋਂ ਬਾਦਲਾਂ ਦੇ ਨਾਮ ਦਾ ਸਫ਼ਾਇਆ ਹੋ ਜਾਵੇਗਾ।
ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਪ੍ਰਕਾਸ਼ ਸਿੰਘ ਬਾਦਲ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਆਪਣੀ ਸੌੜੀ ਸੋਚ ਨਾਲ ਪੰਜਾਬ ਦੀ ਭਾਈਚਾਰਕ ਏਕਤਾ ਲਈ ਵੱਡਾ ਖਤਰਾ ਖੜ੍ਹਾ ਕਰ ਰਹੇ ਹਨ। ਉਨ੍ਹਾਂ ਬਾਦਲ ’ਤੇ ਦੋਸ਼ ਲਾਇਆ ਕਿ ਉਹ ਪੁੱਤਰ-ਮੋਹ ’ਚ ਆ ਕੇ ਸੁਖਬੀਰ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਸ਼੍ਰੋਮਣੀ ਕਮੇਟੀ ਨੂੰ ਬਾਦਲਾਂ ਦੇ ਕਬਜ਼ੇ ’ਚੋਂ ਛੁਡਾ ਕੇ ਧਾਰਮਿਕ ਸਥਾਨਾਂ ਦੀ ਸਿਆਸੀ ਵਰਤੋਂ ਅਤੇ ਸ਼ੋਸ਼ਣ ਨੂੰ ਠੱਲ੍ਹ ਪਾਉਣ।
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਅਕਾਲੀ ਸਰਕਾਰ ਵੱਲੋਂ ਸੇਵਾ ਕੇਂਦਰਾਂ ਦੇ ਨਾਂ ’ਤੇ ਲੁਟਾਏ ਜਾ ਰਹੇ 1450 ਕਰੋੜ ਬਚਾਉਣ ਦਾ ਮੁੱਢ ਬੱਝਿਆ ਅਤੇ 250 ਕਰੋੜ ਸੇਵਾ ਕੇਂਦਰਾਂ ਤੋਂ ਸਰਕਾਰੀ ਖਜ਼ਾਨੇ ਨੂੰ ਕਮਾ ਕੇ ਦਿੱਤੇ। ਉਨ੍ਹਾਂ ਆਖਿਆ ਕਿ ਕਾਂਗਰਸ ਰੈਲੀ ਨੂੰ ਮਿਲਿਆ ਜਨਤਕ ਹੁੰਗਾਰਾ ਬਾਦਲਾਂ ਦੇ ਸਾਮਰਾਜ ਦੇ ਪਤਨ ਦਾ ਸਪੱਸ਼ਟ ਸੰਕੇਤ ਹੈ।
ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਗੁਰਮੀਤ ਸਿੰਘ ਖੁੱਡੀਆਂ ਨੇ ਰੈਲੀ ਮੌਕੇ ਲੰਬੀ ਦੇ ਕਾਂਗਰਸੀਆਂ ਦਾ ਦਰਦ ਸੁਣਾਉਂਦਿਆਂ ਅਣਖ ਦੀ ਲੜਾਈ ਵਿੱਚ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਸਾਥ ਦੇਣ ਦਾ ਐਲਾਨ ਕੀਤਾ।
ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬਾਦਲਾਂ ਨੂੰ ਕਰੜੇ ਹੱਥੀ ਲੈਂਦਿਆਂ ਕਿਹਾ ਕਿ ਉਹ ਸੂਬੇ ’ਚ ਬੇਅਦਬੀ ਦੀਆਂ ਘਟਨਾਵਾਂ ਦੇ ਜ਼ਿੰਮੇਵਾਰਾਂ ਖ਼ਿਲਾਫ਼ ਕੋਈ ਵੀ ਕਾਰਵਾਈ ਕਰਨੋਂ ਅਸਫ਼ਲ ਰਹੇ। ਇਸ ਮੌਕੇ ਕੁੱਲ ਹਿੰਦ ਕਾਂਗਰਸ ਕਮੇਟੀ ਦੇ ਸਕੱਤਰ ਹਰੀਸ਼ ਚੌਧਰੀ, ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਮਾਲ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ, ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ, ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ, ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ, ਪਸ਼ੂ ਪਾਲਣ ਮੰਤਰੀ ਬਲਬੀਰ ਸਿੰਘ ਸਿੱਧੂ, ਵਿਧਾਨ ਸਭਾ ਦੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ, ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਤੇ ਗੁਰਜੀਤ ਸਿੰਘ ਔਜਲਾ ਆਦਿ ਹਾਜ਼ਰ ਸਨ।
ਪਟਿਆਲਾ ਰੈਲੀ ’ਚ 19 ਹਜ਼ਾਰ ਕੁਰਸੀਆਂ ਭਰੀਆਂ
ਅਮਰਿੰਦਰ ਸਿੰਘ ਨੇ ਰੈਲੀ ਵਿੱਚ ਲੱਖਾਂ ਦੀ ਤਾਦਾਦ ਵਿੱਚ ਪਹੁੰਚੇ ਲੋਕਾਂ ਦੇ ਜੋਸ਼ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਪ੍ਰਕਾਸ਼ ਸਿੰਘ ਬਾਦਲ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਰੈਲੀ ਵਿੱਚ ਪਹੁੰਚਣ ਲਈ ਤਰਲੇ ਕੱਢਦਾ ਰਿਹਾ ਪਰ ਇਸ ਦੇ ਬਾਵਜੂਦ ਉਸ ਦੀ ਪਟਿਆਲਾ ਰੈਲੀ 30 ਹਜ਼ਾਰ ਲੋਕਾਂ ਦਾ ਇਕੱਠ ਨਾ ਜੁਟਾ ਸਕੀ। ਉਥੇ ਸਿਰਫ਼ 19 ਹਜ਼ਾਰ ਕੁਰਸੀਆਂ ਭਰੀਆਂ।
ਬਾਦਲ ਪੰਜ ਵਾਰ ’ਚ ਲੰਬੀ ਦੀਆਂ ਮੰਗਾਂ ਪੂਰੀਆਂ ਨਹੀਂ ਕਰ ਸਕਿਆ
ਲੰਬੀ ਹਲਕੇ ਦੇ ਲੋਕਾਂ ਦੀਆਂ ਮੰਗਾਂ ਪੂਰੀਆਂ ਕਰਨ ਦਾ ਵਾਅਦਾ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬਾਦਲ ਪੰਜ ਵਾਰ ਇਸ ਹਲਕੇ ਤੋਂ ਚੁਣਿਆ ਗਿਆ ਪਰ ਉਹ ਲੋਕਾਂ ਦੀਆਂ ਮੰਗਾਂ ਪੂਰੀਆਂ ਨਹੀਂ ਕਰ ਸਕਿਆ। ਉਨ੍ਹਾਂ ਕਿਹਾ ਕਿ ਉਹ ਇਸ ਤੋਂ ਪਹਿਲਾਂ ਲੰਬੀ ਨਹੀਂ ਆ ਸਕੇ ਕਿਉਂਕਿ ਲੋਕਾਂ ਨੇ ਉਨ੍ਹਾਂ ਨੂੰ ਸਮੁੱਚੇ ਸੂਬੇ ਦੇ ਵਿਕਾਸ ਲਈ ਕੰਮ ਕਰਨ ਵਾਸਤੇ ਵਾਗਡੋਰ ਸੌਂਪੀ ਹੈ। ਉਨ੍ਹਾਂ ਕਿਹਾ ਕਿ ਉਹ ਲੰਬੀ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਦਾ ਯਤਨ ਕਰਨਗੇ।
ਕਾਂਗਰਸ ਨੂੰ ਗੁਰਧਾਮਾਂ ਉੱਤੇ ਕਬਜ਼ੇ ਨਹੀਂ ਕਰਨ ਦੇਵਾਂਗੇ: ਬਾਦਲ
ਪਟਿਆਲਾ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ ਖਾਲਸਾ ਪੰਥ ਸਿੱਖ ਕੌਮ ਦੀ ਦੁਸ਼ਮਣ ਕਾਂਗਰਸ ਪਾਰਟੀ ਨੂੰ ਕਦੇ ਵੀ ਸਿੱਖ ਗੁਰਧਾਮਾਂ ਉੱਤੇ ਕਬਜ਼ੇ ਕਰਨ ਅਤੇ ਸਿੱਖ ਕੌਮ ਦੀ ਤਕਦੀਰ ਦੇ ਫੈਸਲੇ ਕਰਨ ਦੀ ਇਜਾਜ਼ਤ ਨਹੀਂ ਦੇਵੇਗਾ। ਇਥੇ ‘ਜਬਰ ਵਿਰੋਧੀ’ ਰੈਲੀ ’ਚ ਲੋਕਾਂ ਦੇ ਜੁਟਾਏ ਗਏ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਬਾਦਲ ਨੇ ਕਿਹਾ ਕਿ ਬੇਅਦਬੀ ਦੇ ਮੁੱਦੇ ਉੱਤੇ ਉਨ੍ਹਾਂ ਦੀ ਪਾਰਟੀ ਖ਼ਿਲਾਫ਼ ਲਾਏ ਜਾ ਰਹੇ ਸਾਰੇ ਝੂਠ ਦੋਸ਼ ਕਾਂਗਰਸ ਪਾਰਟੀ ਦੀ ਸਿੱਖ ਗੁਰਧਾਮਾਂ ਉੱਤੇ ਕਬਜ਼ੇ ਕਰਨ ਲਈ ਰਚੀ ਡੂੰਘੀ ਸਾਜ਼ਿਸ਼ ਦਾ ਹਿੱਸਾ ਹਨ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਦਾ ਅਸਲੀ ਮੰਤਵ ਹਰਿਮੰਦਰ ਸਾਹਿਬ ਉੱਤੇ ਹਮਲਾ ਕਰਨ ਵਾਲਿਆਂ ਅਤੇ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕਰਨ ਵਾਲਿਆਂ ਨੂੰ ਕਲੀਨ ਚਿਟ ਦੇਣਾ ਹੈ। ਉਨ੍ਹਾਂ ਕਿਹਾ ਕਿ ਹੁਣ ਖੁਦ ਕੈਪਟਨ ਅਮਰਿੰਦਰ ਸਿੰਘ ਨੇ ਸਿੱਖ ਗੁਰਧਾਮਾਂ ਉੱਤੇ ਕਬਜ਼ੇ ਕਰਨ ਦੀ ਆਪਣੀ ਨੀਯਤ ਬਾਰੇ ਜਨਤਕ ਤੌਰ ’ਤੇ ਐਲਾਨ ਕਰਕੇ ਬਿੱਲੀ ਨੂੰ ਥੈਲੇ ਵਿੱਚੋਂ ਬਾਹਰ ਕੱਢ ਦਿੱਤਾ ਹੈ। ਉਨ੍ਹਾਂ ਮੁਤਵਾਜ਼ੀ ਜਥੇਦਾਰਾਂ ਅਤੇ ਪੰਥਕ ਆਗੂਆਂ ’ਤੇ ਵਰ੍ਹਦਿਆਂ ਕਿਹਾ ਕਿ ਕੈਪਟਨ ਦੇ ਖੁਲਾਸੇ ਨਾਲ ਸਾਬਤ ਹੋ ਗਿਆ ਹੈ ਕਿ ਕੁੱਝ ਅਖੌਤੀ ਸਿੱਖ ਜਥੇਬੰਦੀਆਂ ਸਿੱਖ-ਵਿਰੋਧੀ ਕਾਂਗਰਸ ਪਾਰਟੀ ਨਾਲ ਰਲੀਆਂ ਹੋਈਆਂ ਹਨ। ਰੈਲੀ ’ਚ ਅਕਾਲੀ ਦਲ ਵੱਲੋਂ ਆਪਣੇ ਆਪ ਨੂੰ ਸਿਰਮੌਰ ਪੰਥਕ ਜਥੇਬੰਦੀ ਸਿੱਧ ਕਰਨ ਦੀ ਪੂਰੀ ਵਾਹ ਲਾਈ ਗਈ। ਕਾਂਗਰਸ ਨੂੰ ਸਿੱਖਾਂ ਦੀ ਸਭ ਤੋਂ ਵੱਡੀ ਦੁਸ਼ਮਣ ਜਮਾਤ ਕਰਾਰ ਦਿੰਦਿਆਂ ਸ੍ਰੀ ਬਾਦਲ ਨੇ ਆਖਿਆ ਕਿ ਕਾਂਗਰਸ ਵੱਲੋਂ ਪੈਦਾ ਕੀਤੇ ਗਏ ਹਾਲਾਤ ਨਾਲ ਸਪੱਸ਼ਟ ਹੋ ਗਿਆ ਹੈ ਕਿ ਹੁਣ ਲੜਾਈ ਖਾਸਲਾ ਪੰਥ ਅਤੇ ਕਾਂਗਰਸ ਤੇ ‘ਕਾਂਗਰਸ ਪੰਥ’ ਵਿਚਕਾਰ ਹੈ। ਉਨ੍ਹਾਂ ਆਖਿਆ ਕਿ ਕਾਂਗਰਸ ਨੂੰ ਗੁਰਧਾਮਾਂ ’ਤੇ ਕਬਜ਼ੇ ਕਰਨ ਤੋਂ ਰੋਕਣ ਲਈ ਪੰਥ ਨੂੰ ਅੱਗੇ ਆਉਣਾ ਪੈਣਾ ਹੈ। ਕੈਪਟਨ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਸਾਰੇ ਵਾਅਦਿਆਂ ਤੋਂ ਮੁਕਰਨ ਦਾ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ ਕਿ ਲੋਕਾਂ ਨਾਲ ਸਭ ਤੋਂ ਵੱਡਾ ਵਿਸ਼ਵਾਸ਼ਘਾਤ ਕੀਤਾ ਗਿਆ ਹੈ। ਗੁੱਸੇ ਦਾ ਇਜ਼ਹਾਰ ਕਰਦਿਆਂ ਉਨ੍ਹਾਂ ਕੈਪਟਨ ਨੂੰ ‘ਹਿਟਲਰ’ ਵੀ ਆਖ ਦਿੱਤਾ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਅਸਲੀ ਦੈਂਤ ਉਹ ਸਨ, ਜਿਨ੍ਹਾਂ ਨੇ ਬਰਗਾੜੀ ਵਿਖੇ ਬੇਅਦਬੀ ਕੀਤੀ ਸੀ। ਉਨ੍ਹਾਂ ਕਿਹਾ ਕਿ ਇਸ ਘਟਨਾ ਨੇ ਸਭ ਤੋਂ ਵੱਧ ਦੁੱਖ ਅਕਾਲੀ ਦਲ ਨੂੰ ਪਹੁੰਚਾਇਆ ਸੀ ਅਤੇ ਕਾਂਗਰਸ ਨੇ ਇਸ ਘਟਨਾ ਦਾ ਇਸਤੇਮਾਲ ਉਨ੍ਹਾਂ ਨੂੰ ਬਦਨਾਮ ਕਰਨ ਲਈ ਕੀਤਾ। ‘ਕਾਂਗਰਸ ਨੇ ਅਜਿਹੇ ਲੋਕਾਂ ਨਾਲ ਜੁੰਡਲੀ ਬਣਾਈ ਹੋਈ ਹੈ, ਜਿਹੜੇ ਧਰਮ ਦੇ ਨਾਂ ਉੱਤੇ ਪੈਸੇ ਇਕੱਠੇ ਕਰਨ ਲਈ ਪੰਥ ਦਾ ਇਸਤੇਮਾਲ ਕਰ ਰਹੇ ਹਨ।’ ਆਮ ਆਦਮੀ ਪਾਰਟੀ ਆਗੂ ਸੁਖਪਾਲ ਖਹਿਰਾ ਬਾਰੇ ਉਨ੍ਹਾਂ ਕਿਹਾ ਕਿ ਉਸ ਦੇ ਮਨ ਵਿੱਚ ਗੁਰੂ ਗ੍ਰੰਥ ਸਾਹਿਬ ਲਈ ਕੋਈ ਸਤਿਕਾਰ ਨਹੀਂ ਹੈ, ਉਹ ਸਿਰਫ ਪੈਸੇ ਕਮਾਉਣ ਦੇ ਲਾਲਚ ਵਿਚ ਅੱਜ ਬਰਗਾੜੀ ਗਿਆ ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੰਬੀ ’ਚ ਰੈਲੀ ਕਰਨ ਬਾਰੇ ਸੁਖਬੀਰ ਨੇ ਕਿਹਾ ਕਿ ਲੋਕਾਂ ਵੱਲੋਂ ਨਕਾਰੇ ਜਾਣ ਤੋਂ ਡੇਢ ਸਾਲ ਮਗਰੋਂ ਕੈਪਟਨ ਨੂੰ ਲੰਬੀ ਆਉਣ ਦਾ ਸਮਾਂ ਮਿਲ ਗਿਆ। ਭਾਜਪਾ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ ਨੇ ਕਿਹਾ ਕਿ ਨਵਜੋਤ ਕੌਰ ਸਿੱਧੂ ਸਮੇਤ ਕਾਂਗਰਸੀ ਆਗੂ ਸੂਬਾ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਦਾ ਰੋਣਾ ਰੋ ਰਹੇ ਹਨ। ਉਨ੍ਹਾਂ ਕਾਂਗਰਸ ਸਰਕਾਰ ਨੂੰ 32 ਲੱਖ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ ਵਾਅਦੇ ਬਾਰੇ ਸਵਾਲ ਕੀਤਾ। ਇਸ ਮੌਕੇ ਸੀਨੀਅਰ ਆਗੂਆਂ ਬਲਵਿੰਦਰ ਸਿੰਘ ਭੂੰਦੜ, ਜਥੇਦਾਰ ਤੋਤਾ ਸਿੰਘ, ਪ੍ਰੇਮ ਸਿੰਘ ਚੰਦੂਮਾਜਰਾ, ਮਹੇਸ਼ਇੰਦਰ ਸਿੰਘ ਗਰੇਵਾਲ, ਬਿਕਰਮ ਸਿੰਘ ਮਜੀਠੀਆ, ਸੁਰਜੀਤ ਸਿੰਘ ਰੱਖੜਾ, ਡਾ. ਦਲਜੀਤ ਸਿੰਘ ਚੀਮਾ, ਹਰਪਾਲ ਜੁਨੇਜਾ, ਪਰਮਿੰਦਰ ਸਿੰਘ ਢੀਂਡਸਾ, ਚਰਨਜੀਤ ਰੱਖੜਾ ਅਤੇ ਹਰਿੰਦਰਪਾਲ ਚੰਦੂਮਾਜਰਾ ਨੇ ਵੀ ਸੰਬੋਧਨ ਕੀਤਾ।
ਝਲਕੀਆਂ
* ਸੁਖਬੀਰ ਬਾਦਲ ਵੱਲੋਂ ਪ੍ਰਕਾਸ਼ ਸਿੰਘ ਬਾਦਲ ਨੂੰ ‘ਆਪਣੇ ਪਿਤਾ ਸਮਾਨ ਬਜ਼ੁਰਗ’ ਕਹਿਣ ’ਤੇ ਮੰਚ ਉਪਰ ਬੈਠੇ ਅਕਾਲੀ ਆਗੂਆਂ ਅਤੇ ਪੰਡਾਲ ’ਚ ਹਾਸਾ ਫੁੱਟ ਪਿਆ।
* ‘ਜ਼ੀ ਨਿਊਜ਼’ ਅਤੇ ‘ਸਪੋਕਸਮੈਨ’ ਦੇ ਬਾਈਕਾਟ ਦਾ ਐਲਾਨ।
* ਬਾਦਲ ਨੇ ਰੈਲੀ ਕਲਚਰ ਨੂੰ ਅੱਗੇ ਤੋਰਨ ਲਈ ਪਾਰਟੀ ਨੂੰ ਅਜਿਹੀਆਂ ਰੈਲੀਆਂ ਮਾਝੇ ਤੇ ਦੁਆਬੇ ’ਚ ਵੀ ਕਰਨ ’ਤੇ ਜ਼ੋਰ ਦਿੱਤਾ।
* ਸੁਖਦੇਵ ਸਿੰਘ ਢੀਂਡਸਾ ਸਮੇਤ ਮਾਝੇ ਦੇ ਆਗੂਆਂ ਦੀ ਰੈਲੀ ’ਚ ਗ਼ੈਰ ਹਾਜ਼ਰੀ ਰੜਕ ਬਣੀ ਰਹੀ।
ਬਰਗਾੜੀ ਮਾਰਚ: ਸਰਕਾਰ ਨੂੰ ਕਾਰਵਾਈ ਲਈ 15 ਦਿਨਾਂ ਦਾ ਅਲਟੀਮੇਟਮ
ਬਰਗਾੜੀ/ਕੋਟਕਪੂਰਾ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੀ ਮੰਗ ਕਰਦਿਆਂ ਸੰਗਤਾਂ ਦਾ ਰੋਸ ਮਾਰਚ ਅੱਜ ਬਰਗਾੜੀ ਪਹੁੰਚਿਆ। ਪੰਡਾਲ ਵਾਲੀ ਥਾਂ ’ਤੇ ਲੋਕਾਂ ਨੂੰ ਖੜ੍ਹ ਕੇ ਬੁਲਾਰਿਆਂ ਨੂੰ ਸੁਣਨਾ ਪਿਆ। ਸਰਕਾਰੀ ਏਜੰਸੀਆਂ ਵੱਲੋਂ ਲਾਏ ਗਏ ਅੰਦਾਜ਼ੇ ਨਾਲੋਂ ਵੱਧ ਇਕੱਠ ਹੋਇਆ। ਕੋਟਕਪੂਰਾ ਤੋਂ ਬਰਗਾੜੀ ਤਕ ਰੋਸ ਮਾਰਚ ਕਾਰਨ ਹਾਈਵੇਅ ਜਾਮ ਰਿਹਾ। ਅਕਾਲ ਤਖ਼ਤ ਦੇ ਕਾਰਜਕਾਰੀ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਿੰਨੀ ਦੇਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਾਂਡ ਰਚਾਉਣ ਵਾਲੇ ਦੋਸ਼ੀ ਫੜੇ ਨਹੀਂ ਜਾਂਦੇ ਅਤੇ ਬੰਦੀ ਸਿੰਘਾਂ ਦੀ ਰਿਹਾਈ ਸਮੇਤ ਅਕਾਲ ਤਖ਼ਤ ਸਾਹਿਬ ਆਜ਼ਾਦ ਨਹੀਂ ਹੁੰਦੇ, ਉਦੋਂ ਤੱਕ ਉਹ ਟਿਕ ਕੇ ਨਹੀਂ ਬੈਠਣਗੇ। ਪਹਿਲਾਂ ਤੋਂ ਉਲਟ ਅੱਜ ਭਾਈ ਮੰਡ ਦੀ ਕੈਪਟਨ ਅਮਰਿੰਦਰ ਸਿੰਘ ਪ੍ਰਤੀ ਸੁਰ ਤਿੱਖੀ ਰਹੀ। ਉਹ ਪ੍ਰਧਾਨ ਮੰਤਰੀ ਅਤੇ ਬਾਦਲਾਂ ’ਤੇ ਵੀ ਰੱਜ ਕੇ ਵਰ੍ਹੇ। ਉਨ੍ਹਾਂ ਸਿੱਖਾਂ ਨੂੰ ਅਤਿਵਾਦੀ ਅਤੇ ਵੱਖਵਾਦੀ ਗਰਦਾਨਣ ਵਾਲਿਆਂ ਨੂੰ ਪੰਥ ਵਿਰੋਧੀ ਕਰਾਰ ਦਿੱਤਾ। ਬਾਗ਼ੀ ਧੜੇ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਬਹਿਬਲ ਕਲਾਂ ਗੋਲੀ ਕਾਂਡ ਵਾਲੇ ਦਿਨ 14 ਅਕਤੂਬਰ ਨੂੰ ਮੁੜ ਬਰਗਾੜੀ ’ਚ ਜੁੜਨ ਦਾ ਮਤਾ ਪੇਸ਼ ਕਰ ਕੇ ਪ੍ਰਵਾਨਗੀ ਮੰਗੀ ਤਾਂ ਇਕੱਠ ਨੇ ਉਸ ’ਤੇ ਮੋਹਰ ਲਗਾ ਦਿੱਤੀ। ਸ੍ਰੀ ਖਹਿਰਾ ਨੇ ਪੰਜਾਬ ਸਰਕਾਰ ਨੂੰ ਬਾਦਲ ਪਿਉ-ਪੁੱਤ ਅਤੇ ਸਾਬਕਾ ਡੀਜੀਪੀ ਸੁਮੇਧ ਸੈਣੀ ਸਮੇਤ ਬਹਿਬਲ ਕਾਂਡ ਦੇ ਦੋਸ਼ੀਆਂ ਉਪਰ 15 ਦਿਨਾਂ ਦੇ ਅੰਦਰ-ਅੰਦਰ ਮੁਕੱਦਮਾ ਦਰਜ ਕਰਨ ਦਾ ਅਲਟੀਮੇਟਮ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਨਾ ਹੋਇਆ ਤਾਂ ਹੋਰ ਵੱਡਾ ਪ੍ਰੋਗਰਾਮ ਉਲੀਕ ਕੇ ਰੋਸ ਜਤਾਇਆ ਜਾਵੇਗਾ।
ਭਾਈ ਮੰਡ ਨੇ ਸਮੁੱਚੇ ਖਾਲਸਾ ਪੰਥ ਨੂੰ ਫੁੱਟ ਛੱਡ ਕੇ ਕੇਸਰੀ ਨਿਸ਼ਾਨ ਹੇਠ ਇਕੱਠੇ ਹੋਣ ਦੀ ਗੱਲ ਕਰਦਿਆਂ ਕਿਹਾ ਕਿ ਇੰਜ ਹੋਣ ਨਾਲ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖਾਲਸਾ ਪੰਥ ਦੀਆਂ ਹੋਣਗੀਆਂ। ਅੱਜ ਦੇ ਰੋਸ ਮਾਰਚ ਨੂੰ ਸਫ਼ਲ ਕਰਨ ਲਈ ਪਿਛਲੇ ਦਿਨਾਂ ਤੋਂ ਸਰਗਰਮ ਰਹੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਸਾਬਕਾ ਆਗੂ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਨਾਲ ਪੈਰ-ਪੈਰ ’ਤੇ ਵਧੀਕੀਆਂ ਹੋਣ ਦੇ ਦੋਸ਼ ਲਾਉਣ ਸਮੇਤ ਰਾਜ ਵਿੱਚ ਫੈਲੇ ਭ੍ਰਿਸ਼ਟਾਚਾਰ, ਤਬਾਹ ਹੋਏ ਵਪਾਰ ਅਤੇ ਬੇਰੁਜ਼ਗਾਰੀ ਵਰਗੇ ਮੁੱਦਿਆਂ ਨੂੰ ਵੀ ਛੋਹਿਆ। ਉਨ੍ਹਾਂ ਬੇਅਦਬੀ ਘਟਨਾਵਾਂ ਲਈ ਅਕਾਲੀ ਦਲ ਨੂੰ ਜ਼ਿੰਮੇਵਾਰ ਦੱਸਦਿਆਂ ਕਿਹਾ ਕਿ ਹੁਣ ਸੁਖਬੀਰ ਬਾਦਲ ਨੂੰ ਇਨਸਾਫ਼ ਮੰਗਣ ਵਾਲੇ ਪਾਕਿਸਤਾਨੀ ਏਜੰਟ ਨਜ਼ਰ ਆਉਂਦੇ ਹਨ। ਉਨ੍ਹਾਂ ਸ਼੍ਰੋਮਣੀ ਕਮੇਟੀ ਨੂੰ ਬਾਦਲਾਂ ਦੇ ਸ਼ਿਕੰਜੇ ਵਿੱਚੋਂ ਮੁਕਤ ਕਰਾਉਣ ਲਈ ਸਿੱਖ ਕੌਮ ਨੂੰ ਇੱਕਜੁਟ ਹੋਣ ਦਾ ਸੁਨੇਹਾ ਦਿੱਤਾ। ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਬੇਅਦਬੀ ਘਟਨਾਵਾਂ ਲਈ ਅਕਾਲੀਆਂ ਨੂੰ ਦੋਸ਼ੀ ਦੱਸਦਿਆਂ ਕੈਪਟਨ ਸਰਕਾਰ ’ਤੇ ਦੋਸ਼ੀਆਂ ਨੂੰ ਖੰਭਾਂ ਹੇਠ ਲੁਕੋਣ ਦੇ ਇਲਜ਼ਾਮ ਲਾਏ। ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਸਿੱਖ ਕੌਮ ਨਾਲ ਕਦਮ-ਕਦਮ ’ਤੇ ਹੁੰਦੀ ਧੱਕੇਸ਼ਾਹੀ ਲਈ ਸਮੇਂ ਦੀਆਂ ਸਰਕਾਰਾਂ ਨੂੰ ਕਟਹਿਰੇ ਵਿੱਚ ਖੜ੍ਹਾ ਕਰਦਿਆਂ ਨਿਆਂ ਪ੍ਰਾਪਤੀ ਤੱਕ ਬਰਗਾੜੀ ਦੇ ਮੋਰਚੇ ਨੂੰ ਜਾਰੀ ਰੱਖਣ ਦੀ ਗੱਲ ਦੁਹਰਾਈ। ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਹਿੰਦੂ-ਸਿੱਖਾਂ ਵਿਚਾਲੇ ਨਫ਼ਰਤ ਦੇ ਬੀਜ ਬੋਅ ਕੇ ਆਪਣਾ ਉੱਲੂ ਸਿੱਧਾ ਕਰਨ ਦੀ ਤਾਕ ਵਿੱਚ ਲੱਗੀਆਂ ਤਾਕਤਾਂ ਤੋਂ ਚੌਕਸ ਹੋਣ ਦਾ ਸੁਨੇਹਾ ਦਿੱਤਾ। ਉਨ੍ਹਾਂ ਵੀ ਅਕਾਲ ਤਖ਼ਤ ਅਤੇ ਸ਼੍ਰੋਮਣੀ ਕਮੇਟੀ ਨੂੰ ਬਾਦਲਾਂ ਕੋਲੋਂ ਮੁਕਤ ਕਰਾਉਣ ਲਈ ਸਿੱਖ ਕੌਮ ਨੂੰ ਏਕੇ ਦੀ ਅਪੀਲ ਕੀਤੀ। ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਬੀਰਦਵਿੰਦਰ ਸਿੰਘ ਨੇ ਇਨਸਾਫ਼ ਮੋਰਚੇ ਦੀਆਂ ਮੰਗਾਂ ਨੂੰ ਹਕੂਮਤ ਵੱਲੋਂ ਨਜ਼ਰਅੰਦਾਜ਼ ਕੀਤੇ ਜਾਣ ’ਤੇ ਅਫ਼ਸੋਸ ਜ਼ਾਹਿਰ ਕੀਤਾ। ਸਮੁੱਚੇ ਪ੍ਰੋਗਰਾਮ ਦਾ ਮੰਚ ਸੰਚਾਲਨ ਤਖ਼ਤ ਦਮਦਮਾ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਵੱਲੋਂ ਕੀਤਾ ਗਿਆ।
ਇਸ ਮੌਕੇ ਤਖ਼ਤ ਕੇਸਗੜ੍ਹ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਅਮਰੀਕ ਸਿੰਘ ਅਜਨਾਲਾ, ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ, ਆਮ ਆਦਮੀ ਪਾਰਟੀ ਦੇ ਪਾਰਲੀਮੈਂਟ ਮੈਂਬਰ ਪ੍ਰੋ. ਸਾਧੂ ਸਿੰਘ, ਵਿਧਾਇਕ ਪ੍ਰੋ. ਅਮਨ ਅਰੋੜਾ, ਬਲਜਿੰਦਰ ਕੌਰ, ਸਰਬਜੀਤ ਕੌਰ ਮਾਣੂੰਕੇ, ਰੁਪਿੰਦਰ ਕੌਰ ਰੂਬੀ, ਮੀਤ ਹੇਅਰ, ਕੰਵਰ ਸੰਧੂ, ਮਾਸਟਰ ਬਲਦੇਵ ਸਿੰਘ, ਜੈ ਕ੍ਰਿਸ਼ਨ ਸਿੰਘ ਰੋੜੀ, ਨਾਜਰ ਸਿੰਘ ਮਾਨਸ਼ਾਹੀਆ, ਜਗਦੇਵ ਸਿੰਘ ਕਮਾਲੂ, ਪਿਰਮਲ ਸਿੰਘ ਖਾਲਸਾ, ਜਗਤਾਰ ਸਿੰਘ ਜੱਗਾ, ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਬਲਵਿੰਦਰ ਸਿੰਘ ਬੈਂਸ ਸਮੇਤ ਕਈ ਸ਼ਖ਼ਸੀਅਤਾਂ ਹਾਜ਼ਰ ਸਨ।
ਝਲਕੀਆਂ
* ਮੋਬਾਈਲ ਅਤੇ ਇੰਟਰਨੈੱਟ ਸੇਵਾਵਾਂ ਠੱਪ ਰਹੀਆਂ।
* ਰੋਸ ਮਾਰਚ ਕਰਕੇ ਕੌਮੀ ਸ਼ਾਹ ਰਾਹ ਮਾਰਗ ’ਤੇ ਜਾਮ ਲੱਗਾ ਰਿਹਾ।
* ਬਰਗਾੜੀ ਸਮੇਤ ਪਿੰਡ ਨੂੰ ਮਿਲਾਉਣ ਵਾਲੀਆਂ ਸਾਰੀਆਂ ਸੜਕਾਂ ’ਤੇ ਲੰਗਰ ਲੱਗੇ ਰਹੇ।
* ਨੌਜਵਾਨਾਂ ਵੱਲੋਂ ‘ਖਾਲਿਸਤਾਨ ਜ਼ਿੰਦਾਬਾਦ’ ਅਤੇ ‘ਭਿੰਡਰਾਵਾਲਾ ਜ਼ਿੰਦਾਬਾਦ’ ਦੇ ਨਾਅਰੇ ਲਾਏ ਗਏ।