ਜਲਾਲਾਬਾਦ, ਉਪ-ਮੰਡਲ ਜਲਾਲਾਬਾਦ ਦੀ ਢਾਣੀ ਮਾਨ ਸਿੰਘ ਵਾਲਾ (ਫੱਤੂ ਵਾਲਾ) ਦੀ ਸਰਬਸੰਮਤੀ ਨਾਲ ਚੁਣੀ ਗਈ ਸਰਪੰਚ ਵੱਲੋਂ ਗ੍ਰਾਮ ਪੰਚਾਇਤ ਦੇ ਸਰਪੰਚ ਦੇ ਅਹੁਦੇ ‘ਤੇ ਤਾਇਨਾਤ ਹੋਣ ਦੇ ਨਾਲ-ਨਾਲ ਸਰਕਾਰੀ ਪ੍ਰਾਇਮਰੀ ਸਕੂਲ ਸੋਹਣਾ ਸਾਂਦੜ ‘ਚ ਬਤੌਰ ਏ.ਆਈ.ਈ. ਵਾਲੰਟੀਅਰ ਕੰਮ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਸਬੰਧੀ ਕਰਮਵੀਰ ਸਿੰਘ ਗੁੱਲੂ ਗੋਰਾਇਆ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਆਰ.ਟੀ.ਆਈ. ਐਕਟ ਰਾਹੀਂ ਦਫਤਰ ਬਲਾਕ ਪ੍ਰਾਇਮਰੀ ਸਿੱਖਿਆ ਅਧਿਕਾਰੀ (ਬੀ.ਪੀ.ਈ.ਓ.) ਜਲਾਲਾਬਾਦ-1 ਤੋਂ ਮੰਗੀ ਗਈ ਸੂਚਨਾ ‘ਚ ਸਾਹਮਣੇ ਆਇਆ ਹੈ ਕਿ ਇਹ ਮਹਿਲਾ ਸਰਪੰਚ ਸੁਰਿੰਦਰ ਕੌਰ ਸਰਕਾਰੀ ਪ੍ਰਾਇਮਰੀ ਸਕੂਲ ਸੋਹਣਾ ਸਾਂਦੜ ’ਚ ਬਤੌਰ ਏ.ਆਈ.ਈ. ਵਾਲੰਟੀਅਰ ਵਜੋਂ ਕੰਮ ਕਰ ਰਹੀ ਹੈ।
ਸਰਪੰਚ ਚੁਣੇ ਜਾਣ ਦੇ ਬਾਅਦ ਵੀ ਸੁਰਿੰਦਰ ਕੌਰ ਵਲੋਂ ਏ.ਆਈ.ਈ. ਵਾਲੰਟੀਅਰ ਦੇ ਅਹੁਦੇ ਤੋਂ ਅਸਤੀਫਾ ਨਹੀਂ ਦਿੱਤਾ ਜਦਕਿ ਇਕ ਵਿਅਕਤੀ ਇਕ ਸਮੇਂ ਹੀ ਦੋ ਅਹੁਦਿਆਂ ‘ਤੇ ਕੰਮ ਨਹੀਂ ਕਰ ਸਕਦਾ ਪਰ ਉਕਤ ਮਹਿਲਾ ਸਰਪੰਚ ਵਲੋਂ ਸਰਪੰਚੀ ਦੇ ਨਾਲ-ਨਾਲ ਸਰਕਾਰੀ ਪ੍ਰਾਇਮਰੀ ਸਕੂਲ ‘ਚ ਵੀ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ ਜੋ ਗੈਰਕਾਨੂੰਨੀ ਹੈ ਤੇ ਇਸ ਸਬੰਧੀ ਵਿਭਾਗ ਵਲੋਂ ਤੁਰੰਤ ਕਾਰਵਾਈ ਅਮਲ ‘ਚ ਲਿਆਂਦੀ ਜਾਵੇ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਇੱਕ ਰਿੱਟ ਉਨ੍ਹਾਂ ਹਾਈ ਕੋਰਟ ਵਿੱਚ ਵੀ ਲਗਾਈ ਹੈ।