ਭਵਾਨੀਗੜ੍ਹ, 3 ਅਗਸਤ

ਪਿੰਡ ਨਰੈਣਗੜ੍ਹ ਨਾਲ ਸਬੰਧਤ ਆਸਟਰੇਲੀਆ ਦੇ ਐਡੀਲੈਡ ਸ਼ਹਿਰ ਵਿੱਚ ਨਰਸਿੰਗ ਦੀ ਵਿਦਿਆਰਥਣ ਜੈਸਮੀਨ ਕੌਰ ਨੂੰ ਜਿਊਂਦਿਆਂ ਜ਼ਮੀਨ ਹੇਠ ਦੱਬ ਕੇ ਮਾਰਨ ਦੇ ਦੋਸ਼ ਹੇਠ ਸਾਊਥ ਆਸਟਰੇਲੀਆ ਦੀ ਅਦਾਲਤ ਵੱਲੋਂ ਖੰਨਾ ਨੇੜਲੇ ਤਾਰਿਕਜੋਤ ਸਿੰਘ ਧਾਲੀਵਾਲ (20) ਨੂੰ 22 ਸਾਲ 10 ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਹ ਸਜ਼ਾ ਪੂਰੀ ਹੋਣ ਮਗਰੋਂ ਤਾਰਿਕਜੋਤ ਨੂੰ ਦੇਸ਼ ਨਿਕਾਲਾ ਦੇ ਦਿੱਤਾ ਜਾਵੇਗਾ। ਜਾਣਕਾਰੀ ਅਨੁਸਾਰ ਇਸ ਕੇਸ ਦੀ ਸੁਣਵਾਈ ਦੋ ਦਿਨ ਪਹਿਲਾਂ ਹੋਈ ਸੀ, ਜਿਸ ਮੌਕੇ ਮ੍ਰਿਤਕਾ ਦੀ ਮਾਤਾ ਰਛਪਾਲ ਕੌਰ ਵੀ ਅਦਾਲਤ ਵਿੱਚ ਹਾਜ਼ਰ ਸੀ। ਰਛਪਾਲ ਕੌਰ ਨੇ ਅਦਾਲਤ ਦੇ ਇਸ ਫ਼ੈਸਲੇ ’ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਹੈ। ਦੱਸਣਯੋਗ ਹੈ ਕਿ ਜੈਸਮੀਨ ਨੇ ਤਾਰਿਕਜੋਤ ਨਾਲੋਂ ਆਪਣਾ ਸੰਪਰਕ ਤੋੜ ਲਿਆ ਸੀ, ਪਰ ਤਾਰਿਕਜੋਤ ਲਗਾਤਾਰ ਉਸ ਦਾ ਪਿੱਛਾ ਕਰਦਾ ਰਹਿੰਦਾ ਸੀ। ਇਸ ਸਬੰਧੀ ਜੈਸਮੀਨ ਨੇ ਐਡੀਲੈਡ ਪੁਲੀਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਸੀ। ਇਸੇ ਦੌਰਾਨ 5 ਮਾਰਚ 2021 ਨੂੰ ਕੰਮ ’ਤੇ ਗਈ ਜੈਸਮੀਨ ਨੂੰ ਤਾਰਿਕਜੋਤ ਨੇ ਅਗਵਾ ਕਰ ਲਿਆ ਅਤੇ ਉਸ ਦੇ ਹੱਥ-ਪੈਰ ਬੰਨ੍ਹ ਕੇ ਗੱਡੀ ਵਿੱਚ ਉਸ ਨੂੰ ਸ਼ਹਿਰ ਤੋਂ 400 ਕਿਲੋਮੀਟਰ ਦੂਰ ਉਜਾੜ ਥਾਂ ’ਤੇ ਲੈ ਗਿਆ। ਤਾਰਿਕਜੋਤ ਨੇ ਉਥੇ ਜੈਸਮੀਨ ਨੂੰ ਜ਼ਿੰਦਾ ਹੀ ਜ਼ਮੀਨ ਹੇਠਾਂ ਦੱਬ ਦਿੱਤਾ। ਪਿੰਡ ਨਰੈਣਗੜ੍ਹ ਦੇ ਵਸਨੀਕ ਸ਼ਿਆਮ ਸਿੰਘ ਨੇ ਦੱਸਿਆ ਕਿ ਦੋਸ਼ੀ ਨੇ ਲੜਕੀ ਨਾਲ ਦਰਿੰਦਗੀ ਭਰਿਆ ਵਿਹਾਰ ਕੀਤਾ ਹੈ। ਉਨ੍ਹਾਂ ਅਦਾਲਤ ਵੱਲੋਂ ਸੁਣਾਈ ਗਈ ਸਜ਼ਾ ’ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਹੈ।