ਬ੍ਰਿਸਬੇਨ, 31 ਅਕਤੂਬਰ
ਡੇਵਿਡ ਵਾਰਨਰ ਅਤੇ ਸਟੀਵ ਸਮਿੱਥ ਦੇ ਨਾਬਾਦ ਨੀਮ ਸੈਂਕੜਿਆਂ ਦੀ ਬਦੌਲਤ ਆਸਟਰੇਲੀਆ ਨੇ ਸ੍ਰੀਲੰਕਾ ਨੂੰ ਦੂਜੇ ਟੀ-20 ਕੌਮਾਂਤਰੀ ਕ੍ਰਿਕਟ ਮੈਚ ਵਿੱਚ ਅੱਜ ਇੱਥੇ ਨੌਂ ਵਿਕਟਾਂ ਨਾਲ ਕਰਾਰੀ ਹਾਰ ਦਿੱਤੀ। ਮੇਜ਼ਬਾਨ ਟੀਮ ਨੇ ਤਿੰਨ ਮੈਚਾਂ ਦੀ ਲੜੀ ਵਿੱਚ 2-0 ਦੀ ਜੇਤੂ ਲੀਡ ਬਣਾ ਲਈ ਹੈ। ਪਾਕਿਸਤਾਨ ’ਤੇ 3-0 ਨਾਲ ਜਿੱਤ ਦਰਜ ਕਰਨ ਮਗਰੋਂ ਸ੍ਰੀਲੰਕਾ ਇੱਥੇ ਪਹੁੰਚੀ ਸੀ। ਇਹ ਮਹਿਮਾਨ ਟੀਮ ਲਈ ਵੱਡਾ ਝਟਕਾ ਹੈ ਕਿਉਂਕਿ ਐਡੀਲੇਡ ਵਿੱਚ ਖੇਡੇ ਗਏ ਪਹਿਲੇ ਮੈਚ ਵਿੱਚ ਉਹ 134 ਦੌੜਾਂ ਨਾਲ ਹਾਰ ਗਈ ਸੀ। ਤੀਜਾ ਅਤੇ ਆਖ਼ਰੀ ਮੈਚ ਮੈਲਬਰਨ ਵਿੱਚ ਸ਼ੁੱਕਰਵਾਰ ਨੂੰ ਖੇਡਿਆ ਜਾਵੇਗਾ।
ਆਸਟਰੇਲੀਆ ਦੀ ਕਿਫ਼ਾਇਤੀ ਗੇਂਦਬਾਜ਼ੀ ਸਾਹਮਣੇ ਸ੍ਰੀਲੰਕਾ 19 ਓਵਰਾਂ ਵਿੱਚ 117 ਦੌੜਾਂ ’ਤੇ ਢੇਰ ਹੋ ਗਈ। ਕੁਸਾਲ ਪਰੇਰਾ ਨੇ ਸਭ ਤੋਂ ਵੱਧ 27 ਦੌੜਾਂ ਬਣਾਈਆਂ। ਆਸਟਰੇਲੀਆ ਨੇ 13 ਓਵਰਾਂ ਵਿੱਚ ਇੱਕ ਵਿਕਟ ਗੁਆ ਕੇ ਟੀਚਾ ਹਾਸਲ ਕਰ ਲਿਆ, ਜਦੋਂਕਿ 42 ਗੇਂਦਾਂ ਰਹਿੰਦੀਆਂ ਸਨ।
ਵਾਰਨਰ (ਨਾਬਾਦ 60 ਦੌੜਾਂ) ਅਤੇ ਸਮਿੱਥ (ਨਾਬਾਦ 53 ਦੌੜਾਂ) ਨੇ ਆਰੋਨ ਫਿੰਚ ਦੇ ਪਹਿਲੇ ਓਵਰ ਵਿੱਚ ਆਊਟ ਹੋਣ ਮਗਰੋਂ ਜ਼ਿੰਮੇਵਾਰੀ ਸੰਭਾਲੀ ਅਤੇ ਦੂਜੀ ਵਿਕਟ ਲਈ 117 ਦੌੜਾਂ ਦੀ ਜੇਤੂ ਭਾਈਵਾਲੀ ਕੀਤੀ। ਫਿੰਚ ਦੀ ਵਿਕਟ ਲਸਿਥ ਮਲਿੰਗਾ ਨੇ ਲਈ। ਵਾਰਨਰ ਨੇ ਪਿਛਲੇ ਮੈਚ ਵਿੱਚ ਟੀ-20 ਕੌਮਾਂਤਰੀ ਵਿੱਚ ਆਪਣਾ ਪਹਿਲਾ ਸੈਂਕੜਾ ਜੜਿਆ ਸੀ ਅਤੇ ਉਸ ਨੇ ਆਪਣੀ ਸ਼ਾਨਦਾਰ ਲੈਅ ਬਰਕਰਾਰ ਰੱਖੀ।