ਮੈਲਬਰਨ, 13 ਫਰਵਰੀ
ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਦੀ 37 ਗੇਂਦਾਂ ਵਿੱਚ 66 ਦੌੜਾਂ ਦੀ ਪਾਰੀ ਵੀ ਭਾਰਤ ਨੂੰ ਜਿੱਤ ਨਹੀਂ ਦਿਵਾ ਸਕੀ ਅਤੇ ਆਸਟਰੇਲੀਆ ਨੇ ਉਸ ਨੂੰ 11 ਦੌੜਾਂ ਨਾਲ ਹਰਾ ਕੇ ਮਹਿਲਾ ਟੀ-20 ਤਿਕੋਣੀ ਕ੍ਰਿਕਟ ਲੜੀ ਆਪਣੇ ਨਾਮ ਕਰ ਲਈ। ਜਿੱਤ ਲਈ 156 ਦੌੜਾਂ ਦੇ ਟੀਚੇ ਦੇ ਜਵਾਬ ਵਿੱਚ ਭਾਰਤੀ ਟੀਮ 144 ਦੌੜਾਂ ’ਤੇ ਆਊਟ ਹੋ ਗਈ। ਮਹਿਲਾ ਟੀ-20 ਵਿਸ਼ਵ ਕੱਪ 21 ਫਰਵਰੀ ਤੋਂ ਸ਼ੁਰੂ ਹੋ ਰਿਹਾ ਹੈ। ਇਸ ਤਰ੍ਹਾਂ ਭਾਰਤ ਦੀ ਟੂਰਨਾਮੈਂਟ ਤੋਂ ਪਹਿਲਾਂ ਹੋਈ ਹਾਰ ਚੰਗਾ ਸੰਕੇਤ ਨਹੀਂ।
ਇੱਕ ਸਮੇਂ ਭਾਰਤ ਦਾ ਸਕੋਰ 15ਵੇਂ ਓਵਰ ਵਿੱਚ ਤਿੰਨ ਵਿਕਟਾਂ ’ਤੇ 115 ਦੌੜਾਂ ਸੀ। ਖੱਬੇ ਹੱਥ ਦੀ ਸਪਿੰਨਰ ਜੈੱਸ ਜੋਨਾਸਨ ਨੇ ਚਾਰ ਓਵਰਾਂ ਵਿੱਚ 12 ਦੌੜਾਂ ਦੇ ਕੇ ਪੰਜ ਵਿਕਟਾਂ ਝਟਕਾ ਦਿੱਤੀਆਂ। ਉਹ ਮਹਿਲਾ ਟੀ-20 ਕ੍ਰਿਕਟ ਵਿੱਚ ਇੱਕ ਪਾਰੀ ਦੀਆਂ ਪੰਜ ਵਿਕਟਾਂ ਲੈਣ ਵਾਲੀ ਤੀਜੀ ਆਸਟਰੇਲਿਆਈ ਗੇਂਦਬਾਜ਼ ਹੈ।
ਆਸਟਰੇਲਿਆਈ ਕਪਤਾਨ ਮੈੱਗ ਲੈਨਿੰਗ ਨੇ ਕਿਹਾ, ‘‘ਇਹ ਬਿਹਤਰੀਨ ਹਰਫ਼ਨਮੌਲਾ ਪ੍ਰਦਰਸ਼ਨ ਸੀ। ਮੰਧਾਨਾ ਦੀ ਵਿਕਟ ਫ਼ੈਸਲਾਕੁਨ ਮੋੜ ਰਿਹਾ ਜੋ ਸ਼ਾਨਦਾਰ ਲੈਅ ਵਿੱਚ ਸੀ।’’
ਪਹਿਲਾਂ ਬੱਲੇਬਾਜ਼ੀ ਕਰਦਿਆਂ ਆਸਟਰੇਲੀਆ ਨੇ 20 ਓਵਰਾਂ ਵਿੱਚ ਛੇ ਵਿਕਟਾਂ ’ਤੇ 155 ਦੌੜਾਂ ਬਣਾਈਆਂ। ਜਵਾਬ ਵਿੱਚ ਭਾਰਤ ਲਈ ਮੰਧਾਨਾ ਨੇ ਹਮਲਾਵਰ ਬੱਲੇਬਾਜ਼ੀ ਕਰਦਿਆਂ ਆਪਣੀ ਪਾਰੀ ਦੌਰਾਨ 12 ਚੌਕੇ ਜੜੇ। ਉਹ 15ਵੇਂ ਓਵਰ ਵਿੱਚ ਆਪਣੀ ਵਿਕਟ ਗੁਆ ਬੈਠੀ। ਡੀਪ ਮਿਡਵਿਕਟ ਵਿੱਚ ਨਿਕੋਲਾ ਕੈਰੀ ਨੇ ਉਸ ਦਾ ਸ਼ਾਨਦਾਰ ਕੈਚ ਲਿਆ। ਇਸ ਮਗਰੋਂ ਮੈਚ ਭਾਰਤ ਹੱਥੋਂ ਨਿਕਲਦਾ ਗਿਆ। ਕਪਤਾਨ ਹਰਮਨਪ੍ਰੀਤ ਕੌਰ ਦੇ 16ਵੇਂ ਓਵਰ ਵਿੱਚ ਆਊਟ ਹੋਣ ਮਗਰੋਂ ਭਾਰਤ ਦੀਆਂ ਬਚੀਆਂ-ਖੁਚੀਆਂ ਉਮੀਦਾਂ ਵੀ ਢਹਿ-ਢੇਰੀ ਹੋ ਗਈਆਂ।
ਹਰਮਨਪ੍ਰੀਤ ਨੇ ਕਿਹਾ, ‘‘ਆਖ਼ਰੀ ਤਿੰਨ ਓਵਰਾਂ ਵਿੱਚ ਅਸੀਂ ਦਬਾਅ ਨਹੀਂ ਝੱਲ ਸਕੇ ਅਤੇ ਵਿਕਟਾਂ ਗੁਆ ਲਈਆਂ।’’ ਇਸ ਤੋਂ ਪਹਿਲਾਂ ਦੀਪਤੀ ਸ਼ਰਮਾ ਨੇ ਪਹਿਲੇ ਹੀ ਓਵਰ ਵਿੱਚ ਅਲੀਸਾ ਹੀਲੀ (ਚਾਰ ਦੌੜਾਂ) ਨੂੰ ਆਊਟ ਕਰਕੇ ਆਸਟਰੇਲੀਆ ਨੂੰ ਸ਼ੁਰੂਆਤੀ ਝਟਕਾ ਦਿੱਤਾ ਸੀ। ਪਰ ਭਾਰਤ ਦੀ ਰਾਜੇਸ਼ਵਰੀ ਗਾਇਕਵਾੜ ਨੇ ਆਖ਼ਰੀ ਓਵਰ ਵਿੱਚ 19 ਦੌੜਾਂ ਦੇ ਦਿੱਤੀਆਂ, ਜਿਸ ਨਾਲ ਆਸਟਰੇਲੀਆ ਨੇ ਚੰਗਾ ਸਕੋਰ ਬਣਾਇਆ। ‘ਪਲੇਅਰ ਆਫ ਦਿ ਸੀਰੀਜ਼’ ਰਹੀ ਸਲਾਮੀ ਬੱਲੇਬਾਜ਼ ਬੈੱਥ ਮੂਨੀ ਨੇ 54 ਗੇਂਦਾਂ ਵਿੱਚ 71 ਦੌੜਾਂ ਬਣਾਈਆਂ। ਆਸਟਰੇਲੀਆ ਨੇ 19ਵੇਂ ਓਵਰ ਦੇ ਅਖ਼ੀਰ ਵਿੱਚ ਪੰਜ ਵਿਕਟਾਂ ’ਤੇ 136 ਦੌੜਾਂ ਬਣਾ ਲਈਆਂ ਸਨ। ਆਖ਼ਰੀ ਛੇ ਗੇਂਦਾਂ ਵਿੱਚ ਮੂਨੀ ਅਤੇ ਰਸ਼ੇਲ ਹਾਇਨਜ਼ ਨੇ 19 ਦੌੜਾਂ ਬਣਾ ਕੇ ਉਸ ਨੂੰ 150 ਤੋਂ ਪਾਰ ਪਹੁੰਚਾਇਆ। ਇਸ ਮਗਰੋਂ ਲੈਨਿੰਗ ਨੇ ਤੀਜੀ ਵਿਕਟ ਲਈ 51 ਦੌੜਾਂ ਦੀ ਭਾਈਵਾਲੀ ਕੀਤੀ। ਭਾਰਤ ਲਈ ਪਹਿਲਾ ਮੈਚ ਖੇਡ ਰਹੀ ਰਿਚਾ ਘੋਸ਼ ਨੇ 23 ਗੇਂਦਾਂ ਵਿੱਚ 17 ਦੌੜਾਂ ਬਣਾਈਆਂ।