ਪਰਥ, 11 ਨਵੰਬਰ
ਕ੍ਰਿਸਟੀਨਾ ਮਲਾਦੈਨੋਵਿਚ ਅਤੇ ਕੈਰੋਲਾਈਨ ਗਾਰਸੀਆ ਦੀ ਫਰਾਂਸੀਸੀ ਜੋੜੀ ਨੇ ਅੱਜ ਇੱਥੇ ਫ਼ੈਸਲਾਕੁਨ ਡਬਲਜ਼ ਮੁਕਾਬਲੇ ਵਿੱਚ ਆਸਟਰੇਲੀਆ ਦਾ ਸੁਫ਼ਨਾ ਤੋੜ ਦਿੱਤਾ ਅਤੇ ਉਸ ਨੂੰ 3-2 ਨਾਲ ਹਰਾਉਂਦਿਆਂ ਸਾਲ 2003 ਮਗਰੋਂ ਫਰਾਂਸ ਦੀ ਝੋਲੀ ਪਹਿਲਾ ਫੈੱਡ ਕੱਪ ਖ਼ਿਤਾਬ ਪਾਇਆ। ਮੌਜੂਦਾ ਖ਼ਾਕੇ ਤਹਿਤ ਖੇਡਿਆ ਜਾ ਰਿਹਾ ਆਖ਼ਰੀ ਟੂਰਨਾਮੈਂਟ ਘਰੇਲੂ ਟੀਮ ਲਈ ਚੰਗਾ ਨਹੀਂ ਰਿਹਾ, ਜੋ 45 ਸਾਲਾਂ ਵਿਚ ਪਹਿਲਾ ਖ਼ਿਤਾਬ ਜਿੱਤਣ ਵਿਚ ਅਸਫਲ ਰਹੀ।
ਫਰਾਂਸੀਸੀ ਖਿਡਾਰਨਾਂ ਨੇ ਐਸ਼ਲੇ ਬਾਰਟੀ ਅਤੇ ਸਮੰਤਾ ਸਟੋਸਰ ਦੀ ਮੇਜ਼ਬਾਨ ਜੋੜੀ ਨੂੰ 6-4 6-3 ਨਾਲ ਸ਼ਿਕਸਤ ਦਿੱਤੀ। ਇਹ ਫਰਾਂਸ ਦਾ ਉਂਜ ਤੀਜਾ ਅਤੇ 16 ਸਾਲ ਪਹਿਲਾਂ ਅਮਰੀਕਾ ਨੂੰ ਹਰਾਉਣ ਮਗਰੋਂ ਪਹਿਲਾ ਖ਼ਿਤਾਬ ਹੈ। ਇਸ ਦੇ ਨਾਲ ਹੀ ਆਸਟਰੇਲੀਆਈ ਟੀਮ ਪਿਛਲੇ ਨੌਂ ਫੈੱਡ ਕੱਪ ਫਾਈਨਲਾਂ ਦੌਰਾਨ ਇੱਕ ਵੀ ਜਿੱਤ ਹਾਸਲ ਨਹੀਂ ਕਰ ਸਕੀ। ਅਗਲੇ ਸਾਲ ਫੈੱਡ ਕੱਪ ਦੌਰਾਨ 12 ਦੇਸ਼ ਬੁਡਾਪੇਸਟ ਵਿਚ ਛੇ ਰੋਜ਼ਾ ਟੂਰਨਾਮੈਂਟ ’ਚ ਹਿੱਸਾ ਲੈਣਗੇ, ਜਿਸ ਨਾਲ ਘਰੇਲੂ ਮੁਕਾਬਲੇ ਖ਼ਤਮ ਹੋ ਜਾਣਗੇ।
ਫਰੈਂਚ ਓਪਨ-2016 ਡਬਲਜ਼ ਦਾ ਖ਼ਿਤਾਬ ਜੇਤੂ ਮਲਾਦਨੋਵਿਚ ਅਤੇ ਗਾਰਸੀਆ ਦੀ ਜੋੜੀ ਨੇ ਪਹਿਲੇ ਸੈੱਟ ਵਿੱਚ ਪੱਛੜਣ ਮਗਰੋਂ ਸਟੋਸਰ ਦੀ ਕਮਜ਼ੋਰੀ ਦੀ ਫ਼ਾਇਦਾ ਉਠਾਇਆ, ਜਿਸ ਨੇ ਕਈ ਗ਼ਲਤੀਆਂ ਕੀਤੀਆਂ। ਇਸ ਤੋਂ ਪਹਿਲਾਂ ਵਿਸ਼ਵ ਦੀ ਅੱਵਲ ਨੰਬਰ ਖਿਡਾਰਨ ਬਾਰਟੀ ਨੇ ਸਿੰਗਲਜ਼ ਵਿੱਚ ਮਲਾਦਨੋਵਿਚ ਨੂੰ ਸ਼ਿਕਸਤ ਦਿੱਤੀ ਸੀ, ਪਰ ਫਰਾਂਸੀਸੀ ਜੋੜੀ ਨੇ ਟੀਮ ਮੁਕਾਬਲੇ ਦੌਰਾਨ ਇਸ ਦਾ ਮੋੜਵਾਂ ਜਵਾਬ ਦਿੱਤਾ।
ਫਰਾਂਸ ਦੇ ਕਪਤਾਨ ਜੁਲੀਅਨ ਬੈਨੇਟਿਊ ਨੇ ਕਿਹਾ, ‘‘ਮੈਨੂੰ ਮੇਰੀਆਂ ਖਿਡਾਰਨਾਂ ਅਤੇ ਮੇਰੀ ਟੀਮ ’ਤੇ ਮਾਣ ਹੈ। ਉਹ ਜਿੱਤ ਦੇ ਹੱਕਦਾਰ ਸਨ ਕਿਉਂਕਿ ਲੰਮੇ ਸਮੇਂ ਮਗਰੋਂ ਉਹ ਖ਼ਿਤਾਬ ਲਈ ਭਿੜੇ ਸਨ।’’