ਸਿਡਨੀ:ਭਾਰਤੀ ਕ੍ਰਿਕਟ ਟੀਮ ਅਤੇ ਆਸਟਰੇਲੀਆ-ਏ ਵਿਚਾਲੇ ਐਤਵਾਰ ਨੂੰ ਇੱਥੇ ਗੁਲਾਬੀ ਗੇਂਦ ਨਾਲ ਖੇਡਿਆ ਗਿਆ ਦੂਜਾ ਤਿੰਨ ਰੋਜ਼ਾ ਅਭਿਆਸ ਮੈਚ ਡਰਾਅ ਰਿਹਾ। ਇਸ ਵਿਚ ਮਹਿਮਾਨ ਟੀਮ ਲਈ ਕਈ ਚੀਜ਼ਾਂ ਸਕਾਰਾਤਮਕ ਸਨ। ਭਾਰਤੀ ਟੀਮ ਇਸ ਲਈ ਵੀ ਖ਼ੁਸ਼ ਹੋਵੇਗੀ ਕਿਉਂਕਿ ਇਸ ਕੋਲ ਚੋਣ ਲਈ ਕਈ ਦਾਅਵੇਦਾਰ ਹੋਣਗੇ, ਜਿਸ ਨਾਲ ਟੀਮ ਪਹਿਲੇ ਦਿਨ-ਰਾਤ ਦੇ ਟੈਸਟ ਮੈਚ ਵਿਚ ਹੌਸਲੇ ਨਾਲ ਮੈਦਾਨ ਵਿਚ ਆਵੇਗੀ। ਚਾਰ ਟੈਸਟ ਮੈਚਾਂ ਦੀ ਲੜੀ ਐਡੀਲੇਡ ਵਿਚ 17 ਦਸੰਬਰ ਤੋਂ ਸ਼ੁਰੂ ਹੋਵੇਗੀ। ਆਸਟਰੇਲੀਆ-ਏ ਨੇ ਤੀਜੇ ਦਿਨ 25 ਦੌੜਾਂ ਦੇ ਕੇ ਤਿੰਨ ਵਿਕਟਾਂ ਗੁਆ ਦਿੱਤੀਆਂ ਸਨ। ਪਹਿਲੇ ਹੀ ਘੰਟੇ ਵਿਚ ਮੁਹੰਮਦ ਸ਼ਮੀ ਨੇ ਜੋ ਬਰਨਜ਼ (01) ਅਤੇ ਮਾਰਕਸ ਹੈਰਿਸ (05) ਦੀ ਸੰਭਾਵਿਤ ਸਲਾਮੀ ਬੱਲੇਬਾਜ਼ ਜੋੜੀ ਪਵੇਲੀਅਨ ਭੇਜੀ।