ਮੈਲਬਰਨ, 26 ਦਸੰਬਰ
ਆਸਟਰੇਲੀਆ ਅਤੇ ਨਿਊਜ਼ੀਲੈਂਡ ਗੁਆਂਢੀ ਹਨ, ਪਰ ਕ੍ਰਿਕਟ ਮੈਦਾਨ ’ਤੇ ਇਹ ਦੋਵੇਂ ਰਵਾਇਤੀ ਵਿਰੋਧੀ 32 ਸਾਲ ਮਗਰੋਂ ਬਾਕਸਿੰਗ ਡੇਅ ਟੈਸਟ ਮੈਚ ਵਿੱਚ ਮੈਲਬਰਨ ਕ੍ਰਿਕਟ ਗਰਾਊਂਡ ’ਤੇ ਇੱਕ ਦੂਜੇ ਦਾ ਸਾਹਮਣਾ ਕਰਨਗੇ। ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਦੂਜਾ ਟੈਸਟ ਮੈਚ ਵੀਰਵਾਰ ਨੂੰ ਇੱਥੇ ਸ਼ੁਰੂ ਹੋਵੇਗਾ, ਜਿਸ ਵਿੱਚ ਨਿਊਜ਼ੀਲੈਂਡ ਲੜੀ ਬਰਾਬਰ ਕਰਨ ਦੀ ਕੋਸ਼ਿਸ਼ ਕਰੇਗਾ। ਆਸਟਰੇਲੀਆ ਨੇ ਪਰਥ ਵਿੱਚ ਪਹਿਲਾ ਟੈਸਟ ਮੈਚ 296 ਦੌੜਾਂ ਦੇ ਵੱਡੇ ਫ਼ਰਕ ਨਾਲ ਜਿੱਤਿਆ ਸੀ। ਨਿਊਜ਼ੀਲੈਂਡ ਇਸ ਤੋਂ ਪਹਿਲਾਂ 26 ਦਸੰਬਰ (ਬਾਕਸਿੰਗ ਡੇਅ) ਨੂੰ ਮੈਲਬਰਨ ਵਿੱਚ ਆਖ਼ਰੀ ਵਾਰ 1987 ਵਿੱਚ ਖੇਡਿਆ ਸੀ। ਉਦੋਂ ਮੌਜੂਦਾ ਟੀਮ ਦੇ ਉਸ ਦੇ ਚਾਰ ਖਿਡਾਰੀਆਂ (ਨੀਲ ਵੈਗਨਰ, ਰੋਸ ਟੇਲਰ, ਬੀਜੇ ਵਾਟਲਿੰਗ ਅਤੇ ਕੋਲਿਨ ਡਿ ਗਰੈਂਡਹੋਮ) ਦਾ ਜਨਮ ਹੀ ਹੋਇਆ ਸੀ। ਤੇਜ਼ ਗੇਂਦਬਾਜ਼ ਟਿਮ ਸਾਊਦੀ ਨੇ ਮੰਨਿਆ ਕਿ ਇਹ ਉਸ ਦੀ ਟੀਮ ਲਈ ਖ਼ਾਸ ਪਲ ਹੈ। ਮੈਲਬਰਨ ਕ੍ਰਿਕਟ ਗਰਾਊਂਡ ’ਤੇ ਮੈਚ ਦੇ ਪਹਿਲੇ ਦਿਨ ਲਗਪਗ 75 ਹਜ਼ਾਰ ਦਰਸ਼ਕਾਂ ਦੇ ਪਹੁੰਚਣ ਦੀ ਸੰਭਾਵਨਾ ਹੈ।
ਸਾਊਦੀ ਨੇ ਕਿਹਾ, ‘‘ਨਿਊਜ਼ੀਲੈਂਡ ਦੇ ਕਈ ਉੱਘੇ ਕ੍ਰਿਕਟਰਾਂ ਨੂੰ ਇਹ ਮੌਕਾ ਨਹੀਂ ਮਿਲਿਆ, ਇਸ ਲਈ ਇਹ ਖ਼ਾਸ ਹੈ। ਹਰ ਕੋਈ ਬਾਕਸਿੰਗ ਡੇਅ ਟੈਸਟ ਮੈਚ ਵੇਖਦੇ ਹੋਏ ਵੱਡਾ ਹੋਇਆ ਹੈ। ਦਰਸ਼ਕ ਅਤੇ ਇਤਿਹਾਸ ਇਸ ਦੇ ਨਾਲ ਹਨ ਅਤੇ ਨਿਊਜ਼ੀਲੈਂਡ ਨੂੰ 30 ਸਾਲ ਤੋਂ ਵੀ ਵੱਧ ਸਮੇਂ ਤੋਂ ਇਸ ਵਿੱਚ ਖੇਡਣ ਦਾ ਮੌਕਾ ਨਹੀਂ ਮਿਲਿਆ, ਇਹ ਥੋੜ੍ਹਾ ਵੱਖਰਾ ਹੈ।’’
ਨਿਊਜ਼ੀਲੈਂਡ ਨੇ ਮੈਚ ਲਈ ਆਪਣੀ ਟੀਮ ਵਿੱਚ ਦੋ ਬਦਲਾਅ ਕੀਤੇ ਹਨ। ਤੇਜ਼ ਗੇਂਦਬਾਜ਼ ਟਰੈਂਟ ਬੋਲਟ ਨੇ ਸੱਟ ਠੀਕ ਹੋਣ ਮਗਰੋਂ ਵਾਪਸੀ ਕੀਤੀ ਹੈ, ਜਦਕਿ ਜੀਤ ਰਾਵਲ ਦੀ ਥਾਂ ਸੀਨੀਅਰ ਬੱਲੇਬਾਜ਼ੀ ਕ੍ਰਮ ਵਿੱਚ ਟੌਮ ਬਲੰਡੇਲ ਨੂੰ ਰੱਖਿਆ ਗਿਆ ਹੈ। ਬੋਲਟ ਪਰਥ ਵਿੱਚ ਪਹਿਲਾ ਟੈਸਟ ਮੈਚ ਨਹੀਂ ਖੇਡ ਸਕਿਆ ਸੀ। ਟੌਮ ਲਾਥਮ ਨਾਲ ਬਲੰਡੇਲ ਪਾਰੀ ਸ਼ੁਰੂ ਕਰੇਗਾ। ਬਲੰਡੇਲ ਨੇ ਹੁਣ ਤੱਕ ਦੋ ਟੈਸਟ ਮੈਚ ਖੇਡੇ ਹਨ, ਜਿਸ ਵਿੱਚ ਉਸ ਨੇ ਆਪਣਾ ਆਖ਼ਰੀ ਮੈਚ ਦਸੰਬਰ 2017 ਵਿੱਚ ਖੇਡਿਆ ਸੀ ਅਤੇ ਉਸ ਵਿੱਚ ਵੀ ਉਹ ਅੱਠਵੇਂ ਨੰਬਰ ’ਤੇ ਬੱਲੇਬਾਜ਼ੀ ਲਈ ਉਤਰਿਆ ਸੀ। ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੇ ਇਸ ਦੇ ਨਾਲ ਹੀ ਪੁਸ਼ਟੀ ਕੀਤੀ ਕਿ ਜ਼ਿਆਦਾਤਰ ਮੱਧ ਕ੍ਰਮ ਵਿੱਚ ਖੇਡਣ ਵਾਲੇ ਬਲੰਡੇਲ ਨੂੰ ਰਾਵਲ ਦੀ ਥਾਂ ਟੀਮ ਵਿੱਚ ਲਿਆ ਗਿਆ ਹੈ। ਵਿਲੀਅਮਸਨ ਨੇ ਕਿਹਾ, ‘‘ਉਹ ਹਾਂ-ਪੱਖੀ ਸੋਚ ਦਾ ਖਿਡਾਰੀ ਅਤੇ ਸਮਝਦਾਰ ਕ੍ਰਿਕਟਰ ਹੈ। ਉਸ ਨੂੰ ਸਿਰਫ਼ ਹਾਲਾਤ ਨਾਲ ਤਾਲਮੇਲ ਬਿਠਾਉਣਾ ਹੋਵੇਗਾ। ਉਸ ਲਈ ਆਪਣੀ ਰਵਾਇਤੀ ਖੇਡ ਖੇਡਣਾ ਅਹਿਮ ਹੈ।’’
ਇਸ ਦੌਰਾਨ ਆਸਟਰੇਲੀਆ ਦੇ ਕਪਤਾਨ ਟਿਮ ਪੇਨ ਨੇ ਕਿਹਾ ਕਿ ਉਸ ਦੀ ਟੀਮ ਪੰਜ ਮਾਹਿਰ ਗੇਂਦਬਾਜ਼ਾਂ ਨਾਲ ਉਤਰ ਸਕਦੀ ਹੈ।