ਨਵੀਂ ਦਿੱਲੀ:ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਨੇ ਮੰਗਲਵਾਰ ਨੂੰ ਕਿਹਾ ਕਿ ਆਸਟਰੇਲੀਆ ਅਤੇ ਦੱਖਣੀ ਅਫਰੀਕਾ ਵਰਗੇ ਦੇਸ਼ਾਂ ਵਿਚ ਕ੍ਰਿਕਟਰਾਂ ’ਤੇ ਨਸਲੀ ਟਿੱਪਣੀਆਂ ਦੀਆਂ ਘਟਨਾਵਾਂ ਅਕਸਰ ਵਾਪਰਦੀਆਂ ਹਨ, ਇਨ੍ਹਾਂ ਨੂੰ ਰੋਕਿਆ ਜਾਣਾ ਚਾਹੀਦਾ ਹੈ। ਭਾਰਤ ਅਤੇ ਆਸਟਰੇਲੀਆ ਵਿਚਾਲੇ ਸਿਡਨੀ ਵਿਚ ਖੇਡੀ ਗਈ ਟੈਸਟ ਸੀਰੀਜ਼ ਦਾ ਤੀਜਾ ਮੈਚ ਰੋਮਾਂਚਕ ਮੁਕਾਬਲੇ ਦੇ ਨਾਲ-ਨਾਲ ਖਿਡਾਰੀਆਂ ’ਤੇ ਕੀਤੀਆਂ ਜਾਤੀਗਤ ਟਿੱਪਣੀਆਂ ਕਾਰਨ ਸੁਰਖੀਆਂ ‘ਚ ਰਿਹਾ। ਮੈਚ ਦੇ ਤੀਜੇ ਅਤੇ ਚੌਥੇ ਦਿਨ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਅਤੇ ਜਸਪ੍ਰੀਤ ਬੁਮਰਾਹ ਖ਼ਿਲਾਫ਼ ਅਜਿਹੀਆਂ ਟਿੱਪਣੀਆਂ ਕੀਤੀਆਂ ਗਈਆਂ। ਭਾਰਤੀ ਟੀਮ ਨੇ ਮੈਦਾਨ ਅੰਪਾਇਰ ਨੂੰ ਸ਼ਿਕਾਇਤ ਕੀਤੀ ਜਿਸ ਤੋਂ ਬਾਅਦ ਛੇ ਦਰਸ਼ਕਾਂ ਨੂੰ ਸਟੇਡੀਅਮ ਤੋਂ ਬਾਹਰ ਕੱਢ ਦਿੱਤਾ ਗਿਆ। ਗੰਭੀਰ ਨੇ ਟੀਵੀ ਪ੍ਰੋਗਰਾਮ ਵਿਚ ਕਿਹਾ ਕਿ ਇਹ ਬਹੁਤ ਮੰਦਭਾਗਾ ਹੈ ਅਤੇ ਇਹ ਕਿਸੇ ਵੀ ਖੇਡ ਵਿਚ ਸਵੀਕਾਰ ਨਹੀਂ ਕੀਤਾ ਜਾ ਸਕਦਾ। ਇਸ ਦੇ ਖ਼ਿਲਾਫ਼ ਸਖ਼ਤ ਕਾਨੂੰਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਜਿਸ ਨਾਲ ਅਜਿਹਾ ਹੁੰਦਾ ਹੈ, ਸਿਰਫ਼ ਉਹ ਹੀ ਇਸ ਨੂੰ ਮਹਿਸੂਸ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਦੱਖਣੀ ਅਫਰੀਕਾ ਅਤੇ ਆਸਟਰੇਲੀਆ ਵਰਗੀਆਂ ਥਾਵਾਂ ’ਤੇ ਮਹੱਤਵਪੂਰਨ ਮੈਚਾਂ ਦੌਰਾਨ ਖਿਡਾਰੀਆਂ ਨੂੰ ਭੱਦੀਆਂ ਟਿੱਪਣੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।