ਮੈਲਬਰਨ : ਆਸਟਰੇਲੀਆ ਦੀ ਸੰਸਦ ਦੇ ਪ੍ਰਤੀਨਿਧ ਸਦਨ ਨੇ ਅੱਜ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਦੀ ਵਰਤੋਂ ’ਤੇ ਪਾਬੰਦੀ ਲਾਉਣ ਲਈ ਇਕ ਬਿੱਲ ਪਾਸ ਕੀਤਾ ਅਤੇ ਦੁਨੀਆਂ ਦੇ ਅਜਿਹੇ ਪਹਿਲੇ ਕਾਨੂੰਨ ਨੂੰ ਅੰਤਿਮ ਰੂਪ ਦੇਣ ਦਾ ਕੰਮ ਸੈਨੇਟ ’ਤੇ ਛੱਡ ਦਿੱਤਾ ਹੈ। ਸਾਰੀਆਂ ਪ੍ਰਮੁੱਖ ਪਾਰਟੀਆਂ ਨੇ ਬਿੱਲ ਦਾ ਸਮਰਥਨ ਕੀਤਾ ਹੈ। ਇਸ ਬਿੱਲ ਤਹਿਤ ‘ਟਿਕਟੌਕ’, ‘ਫੇਸਬੁੱਕ’, ‘ਸਨੈਪਚੈਟ’, ‘ਰੈੱਡਿਟ’, ‘ਐਕਸ’ ਅਤੇ ‘ਇੰਸਟਾਗ੍ਰਾਮ’ ਵਰਗੇ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਬੱਚਿਆਂ ਨੂੰ ਖਾਤੇ ਬਣਾਉਣ ਤੋਂ ਰੋਕਣ ’ਤੇ ਅਸਫਲ ਰਹਿਣ ਲਈ ਪੰਜ ਕਰੋੜ ਆਸਟਰੇਲਿਆਈ ਡਾਲਰ ਤੱਕ ਦਾ ਜੁਰਮਾਨਾ ਲੱਗ ਸਕਦਾ ਹੈ। ਬਿੱਲ ਦੇ ਪੱਖ ’ਚ 102 ਜਦਕਿ ਵਿਰੋਧ ’ਚ 13 ਵੋਟਾਂ ਪਈਆਂ। ਵਿਰੋਧੀ ਧਿਰ ਦੇ ਸੰਸਦ ਮੈਂਬਰ ਡੈਨ ਤਿਹਾਨ ਨੇ ਸੰਸਦ ਨੂੰ ਦੱਸਿਆ ਕਿ ਸਰਕਾਰ ਸੈਨੇਟ ਵਿੱਚ ਸੋਧਾਂ ਨੂੰ ਸਵੀਕਾਰ ਕਰਨ ਲਈ ਸਹਿਮਤ ਹੋ ਗਈ ਹੈ। ਸੰਚਾਰ ਮੰਤਰੀ ਮਿਸ਼ੇਲ ਰੋਲੈਂਡ ਨੇ ਕਿਹਾ ਕਿ ਸੈਨੇਟ ਬੁੱਧਵਾਰ ਨੂੰ ਬਿੱਲ ’ਤੇ ਬਹਿਸ ਕਰੇਗੀ। ਵੱਡੀਆਂ ਪਾਰਟੀਆਂ ਦੇ ਸਮਰਥਨ ਨਾਲ ਬਿੱਲ ਸੈਨੇਟ ਵਿੱਚ ਪਾਸ ਹੋਣਾ ਯਕੀਨਾ ਹੋ ਗਿਆ ਹੈ। ਮੰਗਲਵਾਰ ਅਤੇ ਬੁੱਧਵਾਰ ਨੂੰ ਬਹਿਸ ਦੌਰਾਨ ਬਿੱਲ ਦੀ ਸਭ ਤੋਂ ਵੱਧ ਆਲੋਚਨਾ ਉਨ੍ਹਾਂ ਸੰਸਦ ਮੈਂਬਰਾਂ ਨੇ ਕੀਤੀ ਜੋ ਨਾ ਤਾਂ ਸਰਕਾਰ ਅਤੇ ਨਾ ਹੀ ਵਿਰੋਧੀ ਧਿਰ ਨਾਲ ਜੁੜੇ ਹੋਏ ਹਨ।